ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਜੁਲਾਈ
ਵਾਰਸ ਸ਼ਾਹ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਵਾਰਸ ਸ਼ਾਹ ਯਾਦਗਾਰੀ ਭਾਸ਼ਣ ਤੇ ਗਾਇਨ ਸਮਾਗਮ ਪੰਜਾਬੀ ਭਵਨ ਵਿੱਚ ਕੀਤਾ ਗਿਆ। ਪੰਜਾਬੀ ਸਾਹਿਤ ਅਕੈਡਮੀ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਇਸ ਸਮਾਗਮ ਦੀ ਪ੍ਰਧਾਨਗੀ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕੀਤੀ ਜਦਕਿ ਮੁੱਖ ਮਹਿਮਾਨ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਐੱਸਪੀ ਸਿੰਘ ਸ਼ਾਮਲ ਹੋਏ। ਇਸ ਸਮਾਗਮ ਦੇ ਮੁੱਖ ਬੁਲਾਰੇ ਡਾ. ਸੁਮੇਲ ਸਿੰਘ ਸਿੱਧੂ ਸਨ।
ਅਕੈਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਸਾਰਿਆਂ ਨੂੰ ਨਿੱਘੀ ਜੀ ਆਇਆਂ ਆਖਦਿਆਂ ਕਿਹਾ ਕਿ ਵਾਰਸ ਸ਼ਾਹ 18ਵੀਂ ਸਦੀ ਦਾ ਉਹ ਯੁੱਗ ਕਿੱਸਾਕਾਰ ਹੈ ਜਿਸ ਨੇ ਹੀਰ ਦੇ ਕਿੱਸੇ ਨੂੰ ਅਮਰ ਕਰ ਦਿੱਤਾ। ਡਾ. ਸੁਮੇਲ ਸਿੰਘ ਨੇ ਕਿਹਾ ਕਿ ਵਾਰਸ ਸ਼ਾਹ ਦੀ ਹੀਰ ਦੋ ਕਿਰਦਾਰਾਂ ਹੀਰ ਤੇ ਰਾਂਝੇ ਜ਼ਰੀਏ ਪੰਜਾਬ ਦੇ ਚਿੰਤਨ ਦੀ ਬੇਮਿਸਾਲ ਸਾਖੀ ਹੈ ਜਿਹੜੀ 18ਵੀਂ ਸਦੀ ਵਿੱਚ ਮੁਗਲ ਸਲਤਨਤ ਦੇ ਕਮਜ਼ੋਰ ਹੋਣ ਅਤੇ ਪੰਜਾਬੀ ਲੋਕਾਂ ਦੀ ਨਾਬਰੀ ਦੀ ਚੜ੍ਹਤ ਨੂੰ ਪੇਸ਼ ਕਰਦੀ ਹੈ। ਡਾ. ਐੱਸਪੀ ਸਿੰਘ ਨੇ ਕਿਹਾ ਕਿ ਹਰ ਇਕ ਚਿੰਤਕ/ਆਲੋਚਕ ਨੇ ਵਾਰਸ ਸ਼ਾਹ ਨੂੰ ਆਪਣੀ ਸਮਰੱਥਾ ਮੁਤਾਬਿਕ ਪੜ੍ਹਿਆ ਤੇ ਵਿਸਲੇਸ਼ਣ ਕੀਤਾ ਹੈ। ਪ੍ਰੋ. ਗਿੱਲ ਨੇ ਕਿਹਾ ਕਿ ਸਾਨੂੰ ‘ਵਾਰਸ ਸ਼ਾਹ ਨੂੰ ਕਿਵੇਂ ਪੜ੍ਹੀਏ’ ਦਾ ਇਕ ਦਸਤਾਵੇਜ਼ ਤਿਆਰ ਕਰਨ ਦੀ ਲੋੜ ਹੈ। ਸਮਾਗਮ ਦੇ ਦੂਜੇ ਹਿੱਸੇ ਵਿੱਚ ਹੀਰ ਦਾ ਗਾਇਨ ਕੀਤਾ ਗਿਆ ਜਿਸ ਵਿੱਚ ਰਣਧੀਰ ਕਵਲ ਅਤੇ ਅਮਰਜੀਤ ਸਿੰਘ ਸ਼ੇਰਪੁਰੀ ਨੇ ਵਾਰਸ ਸ਼ਾਹ ਦੇ ਕਿੱਸੇ ਹੀਰ ਵਿੱਚੋਂ ਵੰਨਗੀਆਂ ਨੂੰ ਪੇਸ਼ ਕਰਦਿਆਂ ਸਰੋਤਿਆਂ ਨੂੰ ਮੰਤਰ-ਮੁਗਧ ਕੀਤਾ। ਭਾਸ਼ਾ ਅਫਸਰ ਸੰਦੀਪ ਸ਼ਰਮਾ ਨੇ ਆਈਆਂ ਅਹਿਮ ਸਖਸ਼ੀਅਤਾਂ ਦਾ ਸਨਮਾਨ ਕੀਤਾ। ਇਸ ਮੌਕੇ ਰਮਾਸ਼ੇ ਭੰਡਾਰੀ, ਡਾ. ਹਰਜਿੰਦਰ ਸਿੰਘ ਅਟਵਾਲ, ਗੁਰਲੀਨ ਕੌਰ, ਗੁਰਪ੍ਰਤਾਪ ਸਿੰਘ, ਨਿਰਮਲ ਜੌੜਾ, ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਭੁਪਿੰਦਰ ਆਦਿ ਹਾਜ਼ਰ ਸਨ।