ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਮਈ
ਸਕੂਟਰ ਸਪੇਅਰ ਪਾਰਟਸ ਦਾ ਹਬ ਆਖੇ ਜਾਣ ਵਾਲੇ ਸੁਭਾਨੀ ਬਿਲਡਿੰਗ ਇਲਾਕੇ ’ਚ ਬੁੱਧਵਾਰ ਦੀ ਸਵੇਰੇ ਕਰੀਬ ਸਵਾ ਕੁ 7 ਵਜੇ ਬੰਬੇ ਸਪੇਅਰ ਪਾਰਟਸ ਦੀ ਦੁਕਾਨ ’ਤੇ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਦੀਆਂ ਲਪਟਾਂ ਦੂਰ ਦੂਰ ਤੱਕ ਦਿਖਾਈ ਦੇ ਰਹੀਆਂ ਸਨ। ਅੱਗ ਲੱਗਦੇ ਹੀ ਆਸਪਾਸ ਦੇ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ, ਪਰ ਉਹ ਕਾਮਯਾਬ ਨਹੀਂ ਹੋ ਸਕੇ। ਇਸ ਤੋਂ ਬਾਅਦ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਇੱਕ ਤੋਂ ਬਾਅਦ ਇੱਕ ਕਰੀਬ 9 ਗੱਡੀਆਂ ਮੌਕੇ ’ਤੇ ਪੁੱਜ ਗਈਆਂ, ਜਿਨ੍ਹਾਂ ਨੇ ਕਰੀਬ ਇੱਕ ਤੋਂ ਡੇਢ ਘੰਟੇ ਦੀ ਸਖਤ ਮਿਹਨਤ ਮਗਰੋਂ ਅੱਗ ’ਤੇ ਕਾਬੂ ਪਾ ਲਿਆ। ਅੱਗ ਲੱਗਣ ਦੇ ਕਾਰਨ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕੇ ਹਨ। ਫਾਇਰ ਬ੍ਰਿਗੇਡ ਮਾਮਲੇ ਦੀ ਜਾਂਚ ’ਚ ਲੱਗੀ ਹੈ ਕਿ ਅੱਗ ਆਖਰ ਕਿਵੇਂ ਲੱਗੀ। ਜਾਣਕਾਰੀ ਅਨੁਸਾਰ ਸੁਭਾਨੀ ਬਿਲਡਿੰਗ ਚੌਕ ਕੋਲ ਸਾਰੀਆਂ ਸਕੂਟਰ ਸਪੇਅਰ ਪਾਰਟਸ ਤੇ ਮੁਰੰਮਤ ਦੀਆਂ ਦੁਕਾਨਾਂ ਹਨ। ਜਿੱਥੇ ਹਜ਼ਾਰਾਂ ਲੋਕ ਆਉਂਦੇ ਜਾਂਦੇ ਹਨ। ਮੰਗਲਵਾਰ ਦੀ ਰਾਤ ਨੂੰ ਬੰਬੇ ਸਪੇਅਰ ਪਾਰਟਸ ਦੇ ਮਾਲਕ ਦੁਕਾਨ ਬੰਦ ਕਰ ਘਰ ਚਲੇ ਗਏ। ਸਵੇਰੇ ਕਰੀਬ ਸਵਾ ਕੁ 7 ਵਜੇ ਦੁਕਾਨ ’ਚ ਅਚਾਨਕ ਅੱਗ ਲੱਗ ਗਈ। ਹੌਲੀ ਹੌਲੀ ਅੱਗ ਫੈਲ ਗਈ ਤੇ ਅੱਗ ਦੀਆਂ ਲਪਟਾਂ ਵੀ ਦੂਰ ਤੱਕ ਦਿਖਾਈ ਦੇਣ ਲੱਗੀਆਂ। ਅੱਗ ਫੈਲਣ ਦਾ ਸਭ ਤੋਂ ਵੱਡਾ ਕਾਰਨ ਦੁਕਾਨ ਅੰਦਰ ਪਿਆ ਇੰਜਣ ਆਇਲ ਸੀ ਅਤੇ ਇਸ ਦੇ ਨਾਲ ਹੀ ਵਾਹਨਾਂ ’ਚ ਪੈਣ ਵਾਲਾ ਹੋਰ ਪੈਟਰੋਲੀਅਮ ਪਦਾਰਥ, ਜਿਸ ਕਾਰਨ ਅੱਗ ਲਗਾਤਾਰ ਫੈਲਦੀ ਰਹੀ ਤੇ ਡੱਬਿਆਂ ਦੇ ਧਮਾਕੇ ਵੀ ਹੁੰਦੇ ਰਹੇ। ਆਸਪਾਸ ਦੇ ਲੋਕਾਂ ਨੇ ਤੁਰੰਤ ਇਸ ਦੀ ਜਾਣਕਾਰੀ ਮਾਲਕ ਨੂੰ ਦਿੱਤੀ ਤੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫ਼ਲ ਰਹੇ। ਫਾਇਰ ਬ੍ਰਿਗੇਡ ਨੇ ਕਰੀਬ ਡੇਢ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਦੁਕਾਨ ’ਚ ਅੰਦਰ ਲੱਗਣ ਦੇ ਕਾਰਨ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਕਾਰਨ ਦੁਕਾਨ ਮਾਲਕ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ, ਪਰ ਖੁਸ਼ਕਿਸਮਤੀ ਇਹ ਰਹੀ ਕਿ ਆਸਪਾਸ ਦੀਆਂ ਦੁਕਾਨਾਂ ਬਚ ਗਈਆਂ। ਥਾਣਾ ਡਿਵੀਜ਼ਨ ਨੰ. 3 ਦੇ ਐੱਸਐੱਚਓ ਸਬ ਇੰਸਪੈਕਟਰ ਜਸਬੀਰ ਕੌਰ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ, ਉਹ ਪੁਲੀਸ ਫੋਰਸ ਨਾਲ ਮੌਕੇ ’ਤੇ ਪੁੱਜੇ। ਉਥੇ ਭੀੜ ਨੂੰ ਕੰਟਰੋਲ ਕੀਤਾ ਤੇ ਅੱਗੇ ਕਿਸੇ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ। ਫਾਇਰ ਅਧਿਕਾਰੀ ਮਨਿੰਦਰ ਸਿੰਘ ਨੇ ਦੱਸਿਆ ਕਿ ਅੱਗ ਨੇ 2 ਮੰਜ਼ਿਲਾਂ ਪੂਰੀ ਤਰ੍ਹਾਂ ਲਪੇਟ ’ਚ ਲੈ ਲਈਆਂ ਸਨ। ਫਾਇਰ ਬ੍ਰਿਗੇਡ ਦੀਆਂ ਕਰੀਬ 9 ਗੱਡੀਆਂ ਅੱਗ ’ਤੇ ਕਾਬੂ ਪਾਉਣ ’ਚ ਲੱਗੀਆਂ ਰਹੀਆਂ ਤੇ ਡੇਢ ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਅੱਗ ਨੂੰ ਕਾਬੂ ਕੀਤਾ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ। ਬਾਕੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਸਭ ਕੁਝ ਸਾਹਮਣੇ ਆ ਜਾਵੇਗਾ।