ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਅਕਤੂਬਰ
ਬਾਹਰੀ ਸੂਬਿਆਂ ਤੋਂ ਰੇਲਗੱਡੀ ਰਾਹੀਂ ਨਸ਼ਾ ਤਸਕਰੀ ਕਰਨ ਵਾਲੇ ਮੁਲਜ਼ਮ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਪਹਿਲਾਂ ਹੀ ਰੇਲਗੱਡੀ ਤੋਂ ਉੱਤਰ ਜਾਂਦਾ ਸੀ ਤਾਂ ਕਿ ਪੁਲੀਸ ਦੀਆਂ ਨਜ਼ਰਾਂ ’ਚ ਨਾ ਆ ਸਕੇ। ਥਾਣਾ ਡਵੀਜ਼ਨ ਨੰਬਰ 2 ਦੀ ਪੁਲੀਸ ਨੇ ਇੱਕ ਅਜਿਹੇ ਹੀ ਨਸ਼ਾ ਤਸਕਰ ਨੂੰ ਬੀਤੇ ਕਾਬੂ ਕੀਤਾ ਸੀ ਤੇ ਅੱਜ ਕਮਿਸ਼ਨਰੇਟ ਦੇ ਸੀਆਈਏ-2 ਦੀ ਟੀਮ ਨੇ ਇੱਕ ਹੋਰ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮ ਨੂੰ ਢੰਡਾਰੀ ਕਲਾਂ ਇਲਾਕੇ ’ਚੋਂ ਕਾਬੂ ਕਰ ਕੇ ਉਸ ਕੋਲੋਂ ਤਿੰਨ ਕਿਲੋ ਅਫ਼ੀਮ ਬਰਾਮਦ ਕੀਤੀ ਹੈ। ਪੁਲੀਸ ਨੇ ਥਾਣਾ ਫੋਕਲ ਪੁਆਇੰਟ ’ਚ ਇਸ ਮਾਮਲੇ ’ਚ ਮਾਲਵਾ ਚੌਕ ਪਿੰਡ ਹਾਰੀਆ ਦੇ ਰਹਿਣ ਵਾਲੇ ਸੱਤਿਆ ਪ੍ਰਸਾਦ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਮੂਲ ਰੂਪ ’ਚ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਗੌਰਖਪੁਰ ਦਾ ਰਹਿਣ ਵਾਲਾ ਹੈ। ਮੁਲਜ਼ਮ ਨੂੰ ਦੋ ਦਿਨ ਦੇ ਰਿਮਾਂਡ ’ਤੇ ਲੈ ਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
ਸੀਆਈਏ-2 ਦੇ ਇੰਚਾਰਜ ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਪੁਲੀਸ ਟੀਮ ਨੇ ਫੋਕਲ ਪੁਆਇੰਟ ਇਲਾਕੇ ’ਚ ਲਾਏ ਨਾਕੇ ਦੌਰਾਨ ਮੁਲਜ਼ਮ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਪੁਲੀਸ ਨੇ ਅਫ਼ੀਮ ਬਰਾਮਦ ਕੀਤੀ ਹੈ। ਪੁੱਛ ਪੜਤਾਲ ਦੌਰਾਨ ਪਤਾ ਲੱਗਿਆ ਕਿ ਮੁਲਜ਼ਮ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਝਾਰਖੰਡ ਤੋਂ ਅਫ਼ੀਮ ਦੀ ਤਸਕਰੀ ਕਰਦਾ ਸੀ। ਮੁਲਜ਼ਮ ਕਦੇ ਬੱਸ ਰਾਹੀਂ ਤੇ ਕਦੇ ਰੇਲਗੱਡੀ ਰਾਹੀਂ ਲੁਧਿਆਣਾ ਆਉਂਦਾ ਸੀ। ਉਹ ਨਸ਼ਾ ਤਸਕਰੀ ਲਈ ਕਰੀਬ 4 ਤੋਂ 5 ਚੱਕਰ ਲਗਾ ਚੁੱਕਿਆ ਹੈ। ਮੁਲਜ਼ਮ ਪੁਲੀਸ ਨੂੰ ਚਕਮਾ ਦੇਣ ਲਈ ਰੇਲਵੇ ਸਟੇਸ਼ਨ ਤੋਂ ਪਹਿਲਾਂ ਉਤਰ ਗਿਆ ਸੀ ਪਰ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ।