ਗਗਨਦੀਪ ਅਰੋੜਾ
ਲੁਧਿਆਣਾ, 8 ਜੁਲਾਈ
ਸਨਅਤੀ ਸ਼ਹਿਰ ਵਿੱਚ ਬੁੱਧਵਾਰ ਸਵੇਰ ਤੋਂ ਹੀ ਤੇਜ਼ ਮੀਂਹ ਨੇ ਸਮਾਰਟ ਸਿਟੀ ਦੀਆਂ ਸੜਕਾਂ ਨੂੰ ਨਹਿਰਾਂ ਵਿੱਚ ਬਦਲ ਦਿੱਤਾ। ਸ਼ਹਿਰ ਦੀਆਂ ਰੋਡ ਜਾਲੀਆਂ ਤੇ ਅੰਦਰੂਨੀ ਨਾਲੇ ਸਾਫ਼ ਕਰਨ ਦੇ ਨਗਰ ਨਿਗਮ ਦੇ ਸਾਰੇ ਦਾਅਵਿਆਂ ਨੂੰ ਕਈ ਘੰਟੇ ਪਏ ਤੇਜ਼ ਮੀਂਹ ਨੇ ਪਾਣੀ ਵਾਂਗ ਵਹਾਅ ਦਿੱਤਾ। ਪਾਣੀ ਦੇ ਮਾੜੇ ਹਾਲਾਤ ਜ਼ਿਆਦਾਤਰ ਪੁਰਾਣੇ ਸ਼ਹਿਰ ਦੇ ਇਲਾਕਿਆਂ ਵਿੱਚ ਰਹੇ, ਜਿੱਥੇ ਪਾਣੀ ਕਈ ਘੰਟਿਆਂ ਖੜ੍ਹਾ ਰਿਹਾ। ਤੇਜ਼ ਮੀਂਹ ਤੋਂ ਬਾਅਦ ਸੜਕਾਂ ’ਤੇ ਖੜ੍ਹੇ ਪਾਣੀ ਕਾਰਨ ਟਰੈਫ਼ਿਕ ਜਾਮ ਦੇ ਹਾਲਾਤ ਹੋ ਗਏ। ਨੀਵੇਂ ਇਲਾਕਿਆਂ ਵਿੱਚ ਤਾਂ ਲੋਕਾਂ ਨੂੰ ਖਾਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ।
ਪਾਣੀ ਕਾਰਨ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਲੋਕਾਂ ਨੂੰ ਰੇਲਵੇ ਸਟੇਸ਼ਨ ਵਾਲੇ ਪਾਸਿਓਂ ਲੱਕੜ ਪੁੱਲ ’ਤੇ ਚੜ੍ਹਣ ਲੱਗੇ ਹੋਈ, ਇੱਥੇ ਰੇਖੀ ਸਿਨੇਮਾ ਚੌਕ ਤੋਂ ਲੈ ਕੇ ਘੰਟਾ ਘਰ ਚੌਕ ਤੱਕ ਗੋਡੇ-ਗੋਡੇ ਪਾਣੀ ਖੜ੍ਹਾ ਰਿਹਾ, ਜਿਸ ਕਾਰਨ ਸਵੇਰ ਦੇ ਸਮੇਂ ਇੱਥੇ ਲੰਘਣ ਵਾਲੇ ਕਾਰਾਂ ਤੇ ਮੋਟਰਸਾਈਕਲ ਵਾਲੇ ਖਾਸੇ ਪਰੇਸ਼ਾਨ ਹੁੰਦੇ ਨਜ਼ਰ ਆਏ। ਇਸ ਤੋਂ ਇਲਾਵਾ ਦੋਮੋਰਿਆ ਪੁੱਲ, ਟਰਾਂਸਪੋਰਟ ਨਗਰ, ਪੁਰਾਣੀ ਜੀਟੀ ਰੋਡ, ਰਾਹੋਂ ਰੋਡ, ਬਸਤੀ ਜੋਧੇਵਾਲ, ਹੈਬੋਵਾਲ, ਸਰਦਾਰ ਨਗਰ, ਬਾਜਵਾ ਨਗਰ, ਗੁਰਦੇਵ ਨਗਰ, ਚੰਡੀਗੜ੍ਹ ਰੋਡ, ਐਲਆਈਜੀ ਫਲੈਟ, ਕਿਚਲੂ ਨਗਰ, ਜੱਸੀਆ ਰੋਡ, ਜਵਾਲਾ ਸਿੰਘ ਚੌਂਕ, ਚੂਹੜਪੁਰ ਰੋਡ, ਘੰਟਾ ਘਰ ਚੌਂਕ, ਮਾਤਾ ਰਾਣੀ ਚੌਂਕ, ਚੌੜਾ ਬਾਜ਼ਾਰ, ਥਾਣਾ ਡਿਵੀਜਨ ਨੰਬਰ 3 ਦੇ ਇਲਾਕੇ, ਬਾਲ ਸਿੰਘ ਨਗਰ, ਸੁੰਦਰ ਨਗਰ, ਮਾਧੋਪੁਰੀ, ਗਉਸ਼ਾਲਾ ਰੋਡ, ਕਿਦਵਈ ਨਗਰ, ਜਨਕਪੁਰੀ, ਸ਼ਿਵਾ ਜੀ ਨਗਰ, ਸ਼ਿੰਗਾਰ ਸਿਨੇਮਾ ਰੋਡ ਆਦਿ ਇਲਾਕਿਆਂ ਵਿੱਚ ਪਾਣੀ ਭਰਿਆ ਰਿਹਾ।
ਮੀਂਹ ਦੇ ਖੜ੍ਹੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਫਿਰੋਜ਼ਪੁਰ ਰੋਡ ਤੇ ਨੈਸ਼ਨਲ ਹਾਈਵੇਅ ਦੀਆਂ ਸੜਕਾਂ ’ਤੇ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ। ਦੋਵਾਂ ਪਾਸੇ ਹੀ ਸੜਕਾਂ ਬਣਾਉਣ ਦਾ ਕੰਮ ਜਾਰੀ ਹੈ, ਜਿਸ ਕਾਰਨ ਉਥੋਂ ਬਰਸਾਤੀ ਪਾਣੀ ਦੇ ਨਿਕਲਣ ਦਾ ਸਹੀ ਪ੍ਰਬੰਧ ਨਹੀਂ ਸੀ, ਜਿਸ ਕਾਰਨ ਪਾਣੀ ਕਾਫ਼ੀ ਸਮਾਂ ਸੜਕਾਂ ’ਤੇ ਹੀ ਰਿਹਾ ਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ।
ਸੜਕਾਂ ’ਤੇ ਪਾਣੀ ਭਰਨ ਕਾਰਨ ਮੁੱਖ ਸੜਕਾਂ ’ਤੇ ਵੀ ਟਰੈਫ਼ਿਕ ਜਾਮ ਵਰਗੇ ਹਾਲਾਤ ਹੋ ਗਏ। ਲੋਕਾਂ ਨੂੰ ਕਈ ਘੰਟਿਆਂ ਤੱਕ ਜਾਮ ’ਚ ਫਸੇ ਰਹਿਣਾ ਪਿਆ। ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਤੇਜ਼ ਮੀਂਹ ਕਾਰਨ ਇੱਕ ਵਾਰ ਟਰੈਫ਼ਿਕ ਪੂਰੀ ਤਰ੍ਹਾਂ ਰੁਕ ਗਿਆ।
ਕਰੋੜਾਂ ਦੀ ਲਾਗਤ ਨਾਲ ਪਾਇਆ ਸੀਵਰੇਜ ਮੀਂਹ ਅੱਗੇ ਬੇਵੱਸ
ਪਾਇਲ (ਦੇਵਿੰਦਰ ਸਿੰਘ ਜੱਗੀ): ਇੱਥੇ ਸ਼ਹਿਰ ਅੰਦਰ 4 ਕਰੋੜ ਦੀ ਲਾਗਤ ਨਾਲ ਪਾਏ ਸੀਵਰੇਜ ਦੀਆਂ ਪਾਈਪਾਂ ਥਾਂ-ਥਾਂ ਤੋਂ ਲੀਕ ਕਰ ਰਹੀਆਂ ਹਨ। ਮੀਂਹ ਪੈਣ ਕਾਰਨ ਪਾਈਪ ਲਾਈਨ ਓਵਰਫਲੋਅ ਹੋਣ ’ਤੇ ਸੀਵਰੇਜ ਗਟਰਾਂ ਦੇ ਢੱਕਣ ਰਾਹੀਂ ਗੰਦਾ ਪਾਣੀ ਬਾਹਰ ਆ ਰਿਹਾ ਹੈ। ਫੂਲੇ ਸ਼ਾਹੂ ਅੰਬੇਦਕਰ ਲੋਕ ਜਗਾਓ ਮੰਚ ਦੇ ਆਗੂ ਗੁਰਦੀਪ ਸਿੰਘ ਕਾਲੀ ਦੀ ਅਗਵਾਈ ਹੇਠ ਇੱਕ ਵਫ਼ਦ ਐੱਸਡੀਐੱਮ ਪਾਇਲ ਮਨਕੰਵਲ ਸਿੰਘ ਚਾਹਲ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਥਾਂ-ਥਾਂ ਤੋਂ ਲੀਕ ਹੋ ਰਹੀਆਂ ਪਾਈਪਾਂ ਰਾਹੀਂ ਗੰਦਾ ਪਾਣੀ ਬਦਬੂ ਫੈਲਾਅ ਰਿਹਾ ਹੈ। ਹੌਲਦਾਰ ਦਰਸ਼ਨ ਸਿੰਘ ਅਤੇ ਕਾਲੀ ਪਾਇਲ ਨੇ ਦੱਸਿਆ ਕਿ ਮੁੱਖ ਬਾਜ਼ਾਰ ਨੂੰ ਜਾਂਦੀ ਸੜਕ ਸੀਵਰੇਜ ਪਾਉਣ ਸਮੇਂ ਪੂਰੀ ਦਬਾਈ ਨਾ ਕਰਨ ਕਰਕੇ ਕਈ ਜਗ੍ਹਾਂ ਤੋਂ ਧੱਸ ਚੁੱਕੀ ਹੈ। ਐੱਸਡੀਐੱਮ ਪਾਇਲ ਮਨਕੰਵਲ ਸਿੰਘ ਚਾਹਲ ਨੇ ਵਫ਼ਦ ਨੂੰ ਭਰੋਸਾ ਦਿੱਤਾ ਹੈ ਕਿ ਸੀਵਰੇਜ ਦੀ ਸਮੱਸਿਆ ਦਾ ਹੱਲ ਜਲਦੀ ਕੀਤਾ ਜਾਵੇਗਾ।
ਵਰ੍ਹਦੇ ਮੀਂਹ ਦੌਰਾਨ ਸਮਰਾਲਾ ਦੀਆਂ ਸੜਕਾਂ ’ਤੇ ਊੱਤਰੇ ਲੋਕ
ਸਮਰਾਲਾ (ਡੀਪੀਐੱਸ ਬੱਤਰਾ): ਅੱਜ ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੀ ਨੁਮਾਇੰਦਗੀ ਵਿੱਚ ਦੁਕਾਨਦਾਰ ਅਤੇ ਸ਼ਹਿਰ ਨਿਵਾਸੀਆਂ ਦਾ ਇੱਕ ਰੋਸ ਮਾਰਚ ਵਰ੍ਹਦੇ ਮੀਂਹ ਅਤੇ ਸੜਕਾਂ ਤੇ ਫਿਰਦੇ ਗੰਦੇ ਸੀਵਰੇਜ ਦੇ ਪਾਣੀ ਵਿੱਚੋਂ ਹੁੰਦਾ ਹੋਇਆ ਐੱਸਡੀਐੱਮ ਦਫ਼ਤਰ ਪੁੱਜਿਆ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਮਰਾਲਾ ਸੋਸ਼ਲ ਵੈੱਲਫੇਅਰ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ ਅਤੇ ਪ੍ਰਧਾਨ ਨੀਰਜ ਸਿਹਾਲਾ ਨੇ ਕਿਹਾ ਕਿ ਬਰਸਾਤ ਦਾ ਪਾਣੀ ਲੋਕਾਂ ਦੇ ਘਰਾਂ ਅਤੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਖੜ੍ਹਨਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਜਿੱਥੇ ਇੱਕ ਪਾਸੇ ਦੁਕਾਨਦਾਰਾਂ ਦਾ ਰੁਜ਼ਗਾਰ ਲਗਭਗ ਖਤਮ ਹੋਣ ਦੇ ਕਿਨਾਰੇ ’ਤੇ ਹੈ, ਉਥੇ ਹੀ ਦੂਜੇ ਪਾਸੇ ਇਸ ਗੰਦੇ ਪਾਣੀ ਕਾਰਨ ਸ਼ਹਿਰ ਵਿੱਚ ਕਈ ਤਰ੍ਹਾਂ ਦੀਆਂ ਖ਼ਤਰਨਾਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਇਸ ਮੌਕੇ ਸੁਸਾਇਟੀ ਦੇ ਕਨਵੀਨਰ ਰਾਜਵਿੰਦਰ ਸਮਰਾਲਾ, ਜਨਰਲ ਸਕੱਤਰ ਦੀਪ ਦਿਲਬਰ, ਮਾਸਟਰ ਦਲੀਪ ਸਿੰਘ, ਰਾਮ ਖੁੱਲਰ, ਹਰਭਜਨ ਸਿੰਘ ਢੰਡਾ, ਜਗਤਾਰ ਸਿੰਘ ਦਿਆਲਪੁਰਾ, ਪਦਮ ਕੁਮਾਰ, ਗੁਰਮੇਲ ਸਿੰਘ ਅਤੇ ਬੰਤ ਸਿੰਘ ਖਾਲਸਾ ਨੇ ਵੀ ਸੰਬੋਧਨ ਕੀਤਾ। ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਦਿਆਂ ਕਾਰਜਸਾਧਕ ਅਫ਼ਸਰ ਸਮਰਾਲਾ ਨੇ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਫੌਰੀ ਤੌਰ ’ਤੇ ਗੰਦੇ ਪਾਣੀ ਦੇ ਨਿਕਾਸ ਲਈ ਉਪਰਾਲੇ ਸ਼ੁਰੂ ਕਰ ਰਿਹਾ ਹੈ। ਇਸ ਮੌਕੇ ਐਡਵੋਕੇਟ ਗਗਨਦੀਪ ਸ਼ਰਮਾ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਫੌਰੀ ਤੌਰ ਤੇ ਮੰਗਾਂ ਉਤੇ ਅਮਲ ਕਰਨਾ ਸ਼ੁਰੂ ਕੀਤਾ ਤਾਂ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀਆਂ ਅਤੇ ਜਥੇਬੰਦੀਆਂ ਨੂੰ ਸੱਦਾ ਦੇ ਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸਾਸ਼ਨ ਦੀ ਹੋਵੇਗੀ। ਇਸ ਮੌਕੇ ਇੰਦਰੇਸ਼ ਜੈਦਕਾ, ਸੁਰਿੰਦਰ ਸਿੰਘ ਬਿੱਟੂ ਬੇਦੀ, ਸ਼ੰਕਰ ਕਲਿਆਣ, ਸਰਬਣ ਸਮਰਾਲਾ, ਹਰਪਾਲ ਸਿੰਘ, ਸੁਸ਼ੀਲ ਗੁਪਤਾ, ਮਹਿੰਦਰ ਸਿੰਘ ਕਮਲ ਲਬਾਰਟਰੀ, ਸੰਜੀਵ ਭਾਰਦਵਾਜ, ਇੰਦਰਜੀਤ ਸਿੰਘ ਬਿੱਲਾ ਬੱਬਰ, ਅਮਨਦੀਪ ਕੌਂਸ਼ਲ, ਰਾਮ ਕੁਮਾਰ, ਮੋਹਣ ਸਿੰਘ, ਨਵਨੀਤ ਸੱਦੀ, ਪ੍ਰੋਮਿਸ ਟੇਲਰ, ਇੰਦਰਜੀਤ ਸਿੰਘ, ਵਿਨੋਦ ਕੁਮਾਰ, ਕਸ਼ਮੀਰੀ ਲਾਲ, ਰਾਜੂ ਸ਼ਰਮਾ ਤੇ ਜਸਵੀਰ ਸਿੰਘ ਢੰਡੇ ਹਾਜ਼ਰ ਸਨ।