ਪੱਤਰ ਪ੍ਰੇਰਕ
ਜਗਰਾਉਂ, 5 ਦਸੰਬਰ
ਪੁਲੀਸ ਦੇ ਮਾੜੇ ਰਵੱਈਏ ਅਤੇ ਢਿੱਲੀ ਕਾਰਵਾਈ ਨੂੰ ਲੈ ਕੇ ਜਨਤਕ ਜਥੇਬੰਦੀਆਂ ਵੱਲੋਂ ਇਨਸਾਫ ਲੈਣ ਲਈ ਪੁਲੀਸ ਥਾਣਾ ਹਠੂਰ ਅੱਗੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ। ਧਰਨੇ ’ਚ ਸ਼ਾਮਲ ਲੋਕਾਂ ਨੇ ਦੱਸਿਆ ਕਿ ਤਰਸੇਮ ਸਿੰਘ ਵਾਸੀ ਮੂੰਮ (ਬਰਨਾਲਾ) ਦੀ ਨਾਬਾਲਗ ਲੜਕੀ ਨੂੰ ਪਿੰਡ ਚੱਕ ਭਾਈਕਾ ਦਾ ਲੜਕਾ ਘਰੋਂ ਭਜਾ ਕੇ ਲੈ ਗਿਆ ਸੀ ਤੇ ਪਿਛਲੇ ਮਹੀਨੇ ਅਚਾਨਕ ਲੜਕੀ ਨੂੰ ਚੱਕ ਭਾਈਕਾ ਵਿੱਚ ਲੜਕੇ ਦੇ ਘਰ ਵਿੱਚ ਅੱਗ ਲੱਗ ਗਈ। ਇਲਾਜ ਲਈ ਲੜਕੀ ਨੂੰ ਚੰਡੀਗੜ੍ਹ ਲਿਜਾਇਆ ਗਿਆ ਪ੍ਰੰਤੂ ਬੀਤੀ 27 ਨਵੰਬਰ ਨੂੰ ਲੜਕੀ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਲੜਕੀ ਦੇ ਪਰਿਵਾਰ ਨੇ ਥਾਣਾ ਹਠੂਰ ਦੀ ਪੁਲੀਸ ਕੋਲ ਬਣਦੀ ਕਾਰਵਾਈ ਲਈ ਪਹੁੰਚ ਕੀਤੀ, ਵਾਰ-ਵਾਰ ਪਹੁੰਚ ਕਰਨ ’ਤੇ ਕਾਰਵਾਈ ਨਾ ਹੋਣ ’ਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਤੇ ਹੋਰ ਲੋਕਾਂ ਵੱਲੋਂ ਥਾਣੇ ਅੱਗੇ ਦਿੱਤਾ ਅਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ। ਧਰਨੇ ’ਚ ਸ਼ਾਮਿਲ ਲੋਕ ਆਗੂ ਰਣਜੀਤ ਛੀਨੀਵਾਲ, ਕਾਕਾ ਸਿੰਘ, ਭੋਲਾ ਸਿੰਘ, ਰਮਨ ਕੌਰ, ਸੰਦੀਪ ਕੌਰ, ਉਜਾਗਰ ਸਿੰਘ ਆਦਿ ਨੇ ਪੁਲੀਸ ਤੇ ਪੱਖਪਾਤ ਦੇ ਦੋਸ਼ ਲਗਾਏ।
ਜਦੋਂ ਥਾਣਾ ਮੁੱਖੀ ਇੰਸ. ਰਘੁਨੀਵ ਸਿੰਘ ਨੇ ਦੱਸਿਆ ਕਿ ਲੜਕੀ ਨੇ ਪਹਿਲਾਂ ਹੀ ਆਪਣੇ ਮਾਤਾ-ਪਿਤਾ, ਭਰਾ ਦੇ ਖ਼ਿਲਾਫ਼ ਕੋਰਟ ’ਚ ਬਿਆਨ ਦਰਜ ਕਰਵਾਏ ਹੋਏ ਹਨ। ਇਸ ਤੋਂ ਇਲਾਵਾ ਲੜਕੀ ਨੇ ਇਲਾਜ ਦੌਰਾਨ ਲਿਖਾਏ ਬਿਆਨਾਂ ਰਾਹੀਂ ਦੱਸਿਆ ਕਿ ਉਹ ਖਾਣਾ ਬਣਾ ਰਹੀ ਸੀ ਤਾਂ ਅਚਾਨਕ ਅੱਗ ਲੱਗ ਗਈ। ਉਸਨੇ ਇਹ ਵੀ ਦਰਜ ਕਰਾਇਆ ਕਿ ਸਹੁਰੇ ਪਰਿਵਾਰ ਨੇ ਉਸ ਨੂੰ ਅੱਗ ਤੋਂ ਬਚਾਉਣ ਲਈ ਯਤਨ ਕੀਤੇ ਜੋ ਸਫ਼ਲ ਨਹੀਂ ਹੋ ਸਕੇ।