ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 16 ਮਈ
ਕਿਸਾਨ ਅੰਦੋਲਨ ਨੂੰ ਲੋਕਾਂ ਦੇ ਮਿਲ ਰਹੇ ਭਰਪੂਰ ਸਹਿਯੋਗ ਕਰਕੇ ਕੇਂਦਰ ਸਰਕਾਰ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਸਰਕਾਰਾਂ ’ਚ ਵੀ ਘਬਰਾਹਟ ਪਾਈ ਜਾ ਰਹੀ ਹੈ। ਅੰਦੋਲਨ ਛੇ ਮਹੀਨਿਆਂ ਤੋਂ ਵੀ ਲੰਮਾ ਚੱਲਣ ਕਰਕੇ ਸਰਕਾਰਾਂ ਨੂੰ ਆਸ ਸੀ ਕਿ ਲੋਕ ਪੈਰ ਪਿੱਛੇ ਖਿੱਚ ਲੈਣਗੇ ਤੇ ਅੰਦੋਲਨ ਆਪਣੇ ਆਪ ਖ਼ਤਮ ਹੋ ਜਾਵੇਗਾ। ਪਰ ਲੋਕਾਂ ਦੀ ਛੇ ਮਹੀਨੇ ਬਾਅਰ ਵੀ ਉਸੇ ਤਰ੍ਹਾਂ ਸ਼ਮੂਲੀਅਤ ਅਤੇ ਸਾਥ ਦੇਣ ਤੋਂ ਹੁਣ ਸਰਕਾਰਾਂ ਕਿਸੇ ਨਾ ਕਿਸੇ ਤਰੀਕੇ ਅੰਦੋਲਨ ਨੂੰ ਖ਼ਤਮ ਕਰਨ ’ਤੇ ਉਤਾਰੂ ਹਨ। ਕਰੋਨਾ ਕਰਕੇ ਲੌਕਡਾਊਨ ਲਾਇਆ ਤੇ ਹੁਣ ਲੌਕਡਾਊਨ ਦੀ ਆੜ ’ਚ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਦੀ ਵਿਉਂਤਾਂ ਗੁੰਦੀਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਲੁਧਿਆਣਾ ਫ਼ਿਰੋਜ਼ਪੁਰ ਮੁੱਖ ਮਾਰਗ ’ਤੇ ਸਥਿਤ ਚੌਕੀਮਾਨ ਟੌਲ ਪਲਾਜ਼ਾ ਵਾਲੇ ਧਰਨੇ ਦੌਰਾਨ ਕਿਸਾਨ ਆਗੂਆਂ ਨੇ ਕੀਤਾ।
ਉਨ੍ਹਾਂ ਕਿਹਾ ਕਿ ਛੇ ਮਹੀਨਿਆਂ ਤੋਂ ਦਿੱਲੀ ਦੀ ਸਰਹੱਦ ’ਤੇ ਮੋਰਚਾ ਲਾਈ ਬੈਠੇ ਕਿਸਾਨ ਹੁਣ ਸਰਕਾਰਾਂ ਦੀਆਂ ਸਾਰੀਆਂ ਚਾਲਾਂ ਨੂੰੂ ਸਮਝ ਚੁੱਕੇ ਹਨ ਤੇ ਹੁਣ ਉਨ੍ਹਾਂ ਨੂੰ ਕਿਸੇ ਵੀ ਬਹਿਕਾਵੇ ਵਿੱਚ ਨਹੀਂ ਲਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਹੁਣ ਸਿਰਫ਼ ਖੇਤੀ ਕਾਨੂੰੂਨ ਵਾਪਸ ਹੋਣ ਮਗਰੋਂ ਹੀ ਖਤਮ ਹੋਵੇਗਾ। ਇਸ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਗੂਆਂ ਨੇ ਕਿਹਾ ਕਿ ਮੋਦੀ, ਖੱਟਰ ਅਤੇ ਕੈਪਟਨ ਸਰਕਾਰ ਇਸ ਸੰਘਰਸ਼ ਕਾਰਨ ਘਬਰਾਹਟ ’ਚ ਹਨ। ਇਸੇ ਕਰਕੇ ਕਰੋਨਾ ਦੇ ਨਾਂ ਉੱਪਰ ਤਾਲਾਬੰਦੀ ਕਰਕੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਪਹਿਲਾਂ ਤੋਂ ਹੀ ਕਿਸਾਨ ਅੰਦੋਲਨ ਦੇ ਉਲਟ ਭੁਗਤ ਰਿਹਾ ਗੋਦੀ ਮੀਡੀਆ ’ਚ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ। ਬੀਮਾਰੀ ਦਾ ਇਲਾਜ ਕਰਨ ਦੀ ਥਾਂ ਆਮ ਲੋਕਾਂ ਦੇ ਕਾਰੋਬਾਰ ਬੰਦ ਕਰਵਾ ਕੇ ਲੋਕਾਂ ਦੀ ਦੀਵਾਲਾ ਕੱਢਿਆ ਜਾ ਰਿਹਾ ਹੈ। ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਕਾਮਾਗਾਟਾਮਾਰੂ ਯਾਦਗਾਰੀ ਕਮੇਟੀ ਦੇ ਜਸਦੇਵ ਸਿੰਘ ਲਲਤੋਂ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ, ਅਧਿਆਪਕ ਆਗੂ ਗੁਰਮਿੰਦਰ ਸਿੰਘ ਸੇਖੋਂ, ਮਾ. ਬਲਜੀਤ ਸਿੰਘ, ਜਥੇਦਾਰ ਰਣਜੀਤ ਸਿੰਘ ਗੁੜੇ, ਸੰਤ ਰਾਮ ਉਦਾਸੀ ਵਿਚਾਰ ਮੰਚ ਦੇ ਜਗਸਰਨ ਸਿੰਘ ਛੀਨਾ ਆਦਿ ਨੇ ਕਿਹਾ ਕਿ ਆਲਮੀ ਪੱਧਰ ’ਤੇ ਭਾਰਤ ਸਰਕਾਰ ਦੇ ਨਾਕਸ ਪ੍ਰਬੰਧਾਂ ਦਾ ਸੱਚ ਉਜਾਗਰ ਹੋ ਚੁੱਕਾ ਹੈ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਤੱਕ ਮੋਦੀ ਸਰਕਾਰ ’ਤੇ ਲਾਪ੍ਰਵਾਹੀ ਵਰਤਣ ਦੇ ਦੋਸ਼ ਮੜ੍ਹ ਰਹੇ ਹਨ। ਧਰਨੇ ’ਚ ਬਲਵੰਤ ਸਿੰਘ, ਮਾ. ਆਤਮਾ ਸਿੰਘ ਬੋਪਾਰਾਏ, ਜਗਤਾਰ ਸਿੰਘ ਤਲਵੰਡੀ, ਖੁਸ਼ਕਿਸਮਤ ਸਿੰਘ ਮਾਨ, ਜਸਵੰਤ ਸਿੰਘ ਮਾਨ, ਮਲਕੀਤ ਸਿੰਘ ਬੱਦੋਵਾਲ, ਸੁਖਦੀਪ ਸਿੰਘ ਤਲਵੰਡੀ, ਜੀਤ ਸਿੰਘ ਕੁਲਾਰ, ਨਰਭਿੰਦਰ ਸਿੰਘ ਸਵੱਦੀ, ਬਹਾਦਰ ਸਿੰਘ ਕੁਲਾਰ ਆਦਿ ਨੇ ਸ਼ਮੂਲੀਅਤ ਕੀਤੀ।