ਨਿੱਜੀ ਪੱਤਰ ਪ੍ਰੇਰਕ
ਖੰਨਾ, 24 ਜੁਲਾਈ
ਸਰਕਾਰ ਨੇ ਨਗਰ ਸੁਧਾਰ ਟਰੱਸਟ ਵੱਲੋਂ ਛੇ ਮੈਬਰਾਂ ਨੂੰ ਨਾਮਜ਼ਦ ਕਰਨ ਦਾ ਅੱਜ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ, ਜਿਸ ਵਿਚ ਤਿੰਨ ਕੌਂਸਲਰ ਤੇ ਤਿੰਨ ਮੈਂਬਰ ਸ਼ਹਿਰ ਵਿੱਚੋਂ ਟਕਸਾਲੀ ਕਾਂਗਰਸੀ ਲਏ ਗਏ ਹਨ। ਕਾਂਗਰਸ ਨੇ ਮੈਂਬਰਾਂ ਨੂੰ ਨਾਮਜ਼ਦ ਕਰਦੇ ਸਮੇਂ 2022 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੋਟ ਬੈਂਕ ਨੂੰ ਧਿਆਨ ਵਿਚ ਰੱਖਣ ਦੀ ਕੋਸ਼ਿਸ਼ ਵੀ ਕੀਤੀ ਹੈ।
ਇਸ ਵਿੱਚ ਐੱਸਸੀ ਵਰਗ ਦੇ ਦੋ ਕੌਂਸਲਰਾਂ ਸਮੇਤ ਇੱਕ ਔਰਤ ਨੂੰ ਸ਼ਾਮਲ ਕੀਤਾ ਗਿਆ ਹੈ। ਜਾਰੀ ਸੂਚੀ ਅਨੁਸਾਰ, ਤਿੰਨ ਟਰੱਸਟ ਮੈਂਬਰਾਂ ਵਿੱਚ ਵਾਰਡ ਨੰਬਰ-12 ਤੋਂ ਗੁਰਮੀਤ ਨਾਗਪਾਲ, 17 ਤੋਂ ਸੁਰਿੰਦਰ ਬਾਵਾ ਤੇ 29 ਤੋਂ ਅਮਰਜੀਤ ਕੌਰ ਸ਼ਾਮਲ ਹਨ। ਇਸੇ ਤਰ੍ਹਾਂ ਸ਼ਹਿਰੀ ਤਿੰਨ ਮੈਬਰਾਂ ਵਿਚ ਫੋਕਲ ਪੁਆਇੰਟ ਵੈਲਫ਼ੇਅਰ ਐਸੋਸ਼ੀਏਸ਼ਨ ਦੇ ਪ੍ਰਧਾਨ ਤਜਿੰਦਰਪਾਲ ਸ਼ਰਮਾ, ਰਾਜੇਸ਼ ਸੋਫ਼ਤ ਤੇ ਰਾਜੇਸ਼ ਜੋਸ਼ੀ ਸ਼ਾਮਲ ਹਨ। ਟਰੱਸਟ ਦੇ ਚੇਅਰਮੈਨ ਗੁਰਮਿੰਦਰ ਸਿੰਘ ਲਾਲੀ ਨੇ ਨਵੇਂ ਮੈਬਰਾਂ ਦਾ ਸਵਾਗਤ ਕਰਦਿਆਂ ਮਿਲ ਕੇ ਸ਼ਹਿਰ ਦੇ ਵਿਕਾਸ ਵਿਚ ਯੋਗਦਾਨ ਪਾਉਣ ਦਾ ਭਰੋਸਾ ਦਿੱਤਾ।
ਟਰੱਸਟ ਦੇ ਮੈਬਰਾਂ ਵਿਚ ਐਸ.ਸੀ ਵਰਗ ਨੂੰ ਪ੍ਰਤੀਨਿਧਤਾ ਦੇਣ ਦੀ ਕੋਸ਼ਿਸ਼ ’ਚ ਇਕ ਵੱਡੀ ਭੁੱਲ ਕਾਂਗਰਸ ਵੱਲੋਂ ਹੋਈ ਦਿਖਾਈ ਦੇ ਰਹੀ ਹੈ। ਕੁੱਲ 6 ਮੈਬਰਾਂ ਵਿਚੋਂ ਦੋ ਮੈਂਬਰ ਸੁਰਿੰਦਰ ਕੁਮਾਰ ਬਾਵਾ ਤੇ ਅਮਰਜੀਤ ਕੌਰ ਐਸ.ਸੀ ਹਨ ਤੇ ਦੋਵੇਂ ਬਾਜ਼ੀਗਰ ਬਰਾਦਰੀ ਨਾਲ ਸਬੰਧ ਰੱਖਦੇ ਹਨ, ਜਿਸ ਨਾਲ ਸਮਾਜ ਵਿਚ ਰਵਿਦਾਸ ਤੇ ਵਾਲਮੀਕਿ ਭਾਈਚਾਰੇ ਨੂੰ ਅੱਖੋਂ ਪਰੋਖੇ ਕੀਤਾ ਦਿਖਾਈ ਦਿੰਦਾ ਹੈ। ਇਨ੍ਹਾਂ ਨੂੰ ਨੁਮਾਇੰਦਗੀ ਨਾ ਦੇਣਾ ਕਾਰਨ ਕਾਂਗਰਸ ਦਾ ਸਿਆਸੀ ਨੁਕਸਾਨ ਹੋ ਸਕਦਾ ਹੈ। ਇਨ੍ਹਾਂ ਦੋਵੇਂ ਭਾਈਚਾਰਿਆਂ ਨਾਲ ਸਬੰਧਤ ਵੋਟ ਬੈਂਕ ਹੋਰ ਐੱਸਸੀ ਬਰਾਦਰੀਆਂ ਦੇ ਵੋਟ ਬੈਂਕ ਨਾਲੋਂ ਵੱਧ ਹੈ।