ਸੰਤੋਖ ਗਿੱਲ
ਗੁਰੂਸਰ ਸੁਧਾਰ, 24 ਜੂਨ
ਗ਼ੈਰਕਾਨੂੰਨੀ ਕਾਲੋਨੀਆਂ ਨੂੰ ਅਣਡਿੱਠ ਕਰਨ ਵਿਰੁੱਧ ਸੀਟੂ ਕਾਰਕੁਨਾਂ ਨੇ ਅੱਖਾਂ ’ਤੇ ਪੱਟੀਆਂ ਬੰਨ੍ਹ ਕੇ ਅਤੇ ਹੱਥਾਂ ਵਿਚ ਤਖ਼ਤੀਆਂ ਫੜ ਕੇ ਲਾਗਲੇ ਕਸਬਾ ਰਾਏਕੋਟ ਵਿਚ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਅਮਰਿੰਦਰ ਸਿੰਘ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਨੂੰ ਅੱਖੋਂ-ਪਰੋਖੇ ਕਰ ਕੇ ਸਥਾਨਕ ਪ੍ਰਸ਼ਾਸਨ ਕਾਲੋਨਾਈਜ਼ਰਾਂ ਨਾਲ ਮਿਲੀਭੁਗਤ ਕਰ ਕੇ ਸਰਕਾਰੀ ਖ਼ਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਾ ਰਿਹਾ ਹੈ। ਇਸ ਦੇ ਰੋਸ ਵਜੋਂ ਸੀਟੂ ਆਗੂਆਂ ਨੇ ਹਰ ਪਿੰਡ ਵਿਚ ਨਗਰ ਕੌਂਸਲ ਅਧਿਕਾਰੀਆਂ ਦੇ ਪੁਤਲੇ ਫੂਕਣ ਦਾ ਐਲਾਨ ਕੀਤਾ।
ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਅਤੇ ਤਹਿਸੀਲ ਸਕੱਤਰ ਰਾਜਜਸਵੰਤ ਸਿੰਘ ਤਲਵੰਡੀ ਨੇ ਦੋਸ਼ ਲਾਇਆ ਕਿ ਲਿਖਤੀ ਸੂਚਨਾ ਦੇਣ ਦੇ ਬਾਵਜੂਦ ਬਰਨਾਲਾ ਰੋਡ ਸਥਿਤ ਗਰੀਨ ਸਿਟੀ ਕਲੋਨੀ ਦੀ ਬਾਹਰੀ ਦੀਵਾਰ ਢਾਹ ਕੇ ਕਾਲੋਨਾਈਜ਼ਰਾਂ ਵੱਲੋਂ ਕਰੀਬ ਡੇਢ ਏਕੜ ਜ਼ਮੀਨ ਵਿਚ ਰਾਤੋ-ਰਾਤ ਖੰਭੇ ਗੱਡ ਕੇ ਬਿਜਲੀ ਦੀਆਂ ਲਾਈਨਾਂ ਵਿਛਾ ਦਿੱਤੀਆਂ ਗਈਆਂ ਹਨ ਅਤੇ ਹੁਣ ਦਿਨ ਦਿਹਾੜੇ ਉੱਥੇ ਸੜਕਾਂ ਦੀ ਉਸਾਰੀ ਦਾ ਕੰਮ ਵੀ ਜਾਰੀ ਹੈ।
ਕੀ ਕਹਿੰਦੇ ਨੇ ਅਫ਼ਸਰ
ਕਾਰਜਸਾਧਕ ਅਫ਼ਸਰ ਅਮਰਿੰਦਰ ਸਿੰਘ ਨੇ ਕਿਹਾ ਕਿ ਗ਼ੈਰਕਾਨੂੰਨੀ ਕਲੋਨੀ ਦੇ ਮਾਲਕਾਂ ਨੂੰ ਕਾਨੂੰਨੀ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਅਤੇ ਲੋੜ ਪੈਣ ’ਤੇ ਗ਼ੈਰਕਾਨੂੰਨੀ ਉਸਾਰੀ ਢਾਹ ਕੇ ਬਾਹਰੀ ਕੰਧ ਨਵੇਂ ਸਿਰੇ ਤੋਂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੂਨੀਅਰ ਇੰਜਨੀਅਰ ਮਨਪ੍ਰੀਤ ਸਿੰਘ ਨੂੰ ਮੌਕਾ ਦੇਖ ਕੇ ਕੰਮ ਬੰਦ ਕਰਾਉਣ ਦੀ ਹਦਾਇਤ ਕਰ ਦਿੱਤੀ ਗਈ ਹੈ।