ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਮਈ
ਸਨਅਤੀ ਸ਼ਹਿਰ ਦੇ ਅਮਰਪੁਰਾ ਇਲਾਕੇ ’ਚ ਮੰਗਲਵਾਰ ਦੀ ਦੇਰ ਰਾਤ ਨੂੰ ਮਾਮੂਲੀ ਗੱਲ ਨੂੰ ਲੈ ਕੇ 2 ਧੜਿਆਂ ’ਚ ਕੁੱਟਮਾਰ ਹੋ ਗਈ। ਇਸੇ ਦੌਰਾਨ ਇੱਕ ਧੜੇ ਦੇ ਨੌਜਵਾਨਾਂ ਨੇ ਇਕੱਲੇ ਖੜ੍ਹੇ ਨੌਜਵਾਨ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਤੇ ਜ਼ਖਮੀ ਕਰ ਦਿੱਤਾ। ਮੁਲਜ਼ਮਾਂ ਨੇ ਉੱਥੇ ਆਪਣੇ ਹਥਿਆਰ ਤੋਂ ਤਿੰਨ ਹਵਾਈ ਫਾਇਰ ਵੀ ਕੀਤੇ। ਸ਼ਹਿਰ ਦੇ ਰਾਊਂਡ ’ਤੇ ਨਿਕਲੇ ਪੁਲੀਸ ਕਮਿਸ਼ਨਰ ਡਾ. ਕੌਸਤਭ ਸ਼ਰਮਾ ਨੇ ਭੀੜ ਦੇਖ ਗੱਡੀਆਂ ਰੁਕਵਾ ਲਈਆਂ। ਮੁਲਜ਼ਮ ਪੁਲੀਸ ਕਮਿਸ਼ਨਰ ਦੀ ਗੱਡੀ ਦੇਖ ਮੌਕੇ ਤੋਂ ਫ਼ਰਾਰ ਹੋ ਗਏ। ਇਸ ਤੋਂ ਬਾਅਦ ਪੁਲੀਸ ਕਮਿਸ਼ਨਰ ਨੇ ਖੁਦ ਥਾਣਾ ਡਿਵੀਜ਼ਨ ਨੰ. 2 ਦੀ ਪੁਲੀਸ ਨੂੰ ਮੌਕੇ ’ਤੇ ਬੁਲਵਾਇਆ। ਸੂਚਨਾ ਮਿਲਦੇ ਹੀ ਏਸੀਪੀ ਕੇਂਦਰੀ ਹਰਸਿਮਰਤ ਸਿੰਘ ਤੇ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਪੁੱਜ ਗਈ। ਪੁਲੀਸ ਨੇ ਜਾਂਚ ਤੋਂ ਬਾਅਦ ਅਮਰਪੁਰਾ ਇਲਾਕੇ ਦੇ ਰਹਿਣ ਵਾਲੇ ਸੋਨੂੰ ਸ਼ਰਮਾ ਉਰਫ਼ ਸੰਨੀ ਦੀ ਸ਼ਿਕਾਇਤ ’ਤੇ ਵਿਸ਼ਾਲ ਗਿੱਲ, ਨੰਨਾ, ਸਟੀਮ ਤੇ ਹਿਮਾਂਸ਼ੂ ਸਮੇਤ ਚਾਰ ਹੋਰਨਾਂ ਦੇ ਖਿਲਾਫ਼ ਕਤਲ ਦੀ ਕੋਸ਼ਿਸ਼, ਕੁੱਟਮਾਰ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਅਮਰਪੁਰਾ ਵਾਸੀ ਸੋਨੂੰ ਸ਼ਰਮਾ ਉਰਫ਼ ਸੰਨੀ ਨੇ ਦੱਸਿਆ ਕਿ ਉਹ ਪ੍ਰਾਪਰਟੀ ਡੀਲਰ ਹੈ ਤੇ ਦੇਰ ਰਾਤ ਨੂੰ ਅਮਰਪੁਰਾ ਪੁਲੀ ਕੋਲ ਖੜ੍ਹਾ ਸੀ। ਇਸੇ ਦੌਰਾਨ ਉਥੇਂ ਮਾਮੂਲੀ ਗੱਲ ਨੂੰ ਲੈ ਕੇ ਕੁਝ ਨੌਜਵਾਨਾਂ ਨਾਲ ਬਹਿਸ ਹੋ ਗਈ। ਲੋਕਾਂ ਦੇ ਵਿੱਚ ਬਚਾਅ ਦੇ ਚੱਲਦੇ ਮਾਮਲਾ ਸ਼ਾਂਤ ਹੋ ਗਿਆ। ਉਹ ਆਪਣੇ ਘਰ ਜਾ ਰਿਹਾ ਸੀ। ਇਸੇ ਦੌਰਾਨ ਮੁਲਜ਼ਮਾਂ ਨੇ ਉਸ ਨੂੰ ਰਸਤੇ ’ਚ ਰੋਕ ਲਿਆ ਤੇ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ। ਸੰਨੀ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਆਪਣੇ ਕੋਲ ਰੱਖੇ ਹਥਿਆਰ ਨਾਲ ਤਿੰਨ ਹਵਾਈ ਫਾਇਰ ਕੀਤੇ। ਏਸੀਪੀ ਹਰਮਿਸਰਤ ਨੇ ਦੱਸਿਆ ਕਿ ਮੁਲਜ਼ਮਾਂ ਨੇ ਗੋਲੀ ਨਹੀਂ ਚਲਾਈ ਹੈ, ਉਨ੍ਹਾਂ ਕੋਲ ਹਥਿਆਰ ਜ਼ਰੂਰ ਸੀ। ਬਾਕੀ ਜਾਂਚ ਵੀ ਕੀਤੀ ਜਾ ਰਹੀ ਹੈ। ਏਸੀਪੀ ਨੇ ਕਿਹਾ ਕਿ ਮੁਲਜ਼ਮ ਹਾਲੇ ਪੁਲੀਸ ਗ੍ਰਿਫ਼ਤ ’ਚੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੀ ਭਾਲ ’ਚ ਛਾਪੇ ਮਾਰੇ ਜਾ ਰਹੇ ਹਨ, ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।