ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 30 ਜੂਨ
ਸੰਗਰੂਰ ਜ਼ਿਮਨੀ ਚੋਣ ਵਿੱਚ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਮਿਲੀ ਵੱਡੀ ਜਿੱਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜ਼ਿਲ੍ਹਾ ਮੀਤ ਪ੍ਰਧਾਨ ਪਰਮਜੀਤ ਸਿੰਘ ਨੱਤ ਬਾਦਲ ਦਲ ਨੂੰ ਛੱਡ ਕੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿੱਚ ਸ਼ਾਮਲ ਹੋ ਗਏ। ਦਲ ਦੀ ਸਿਆਸੀ ਮਾਮਲਿਆਂ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਜਥੇਦਾਰ ਜਸਵੰਤ ਸਿੰਘ ਚੀਮਾ ਨੇ ਕੌਮੀ ਜਨਰਲ ਸਕੱਤਰ ਜਸਕਰਨ ਸਿੰਘ ਕਾਹਨਸਿੰਘ ਵਾਲਾ ਦੀ ਅਗਵਾਈ ਵਿੱਚ ਸ੍ਰੀ ਨੱਤ ਨੂੰ ਸਿਰੋਪਾਓ ਭੇਟ ਕਰ ਕੇ ਪਾਰਟੀ ਵਿੱਚ ਸ਼ਾਮਲ ਕੀਤਾ।
ਇਸ ਮੌਕੇ ਜਥੇਦਾਰ ਚੀਮਾ ਅਤੇ ਸ੍ਰੀ ਕਾਹਨਸਿੰਘਵਾਲਾ ਨੇ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਸੰਗਰੂਰ ਜ਼ਿਮਨੀ ਚੋਣ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਲਈ ਵਧਾਈ ਦਿੱਤੀ ਅਤੇ ਸੰਗਰੂਰ ਲੋਕ ਸਭਾ ਹਲਕੇ ਦੇ ਸਾਰੇ ਧਰਮਾਂ ਅਤੇ ਸਮੁੱਚੀਆਂ ਕੌਮਾਂ ਦਾ ਧੰਨਵਾਦ ਕੀਤਾ। ਉਨ੍ਹਾਂ ਸ੍ਰੀ ਮਾਨ ਦੀ ਸਿਹਤਯਾਬੀ ਅਤੇ ਤੰਦਰੁਸਤੀ ਲਈ ਵਾਹਿਗੁਰੂ ਅੱਗੇ ਅਰਦਾਸ ਵੀ ਕੀਤੀ। ਇਸ ਮੌਕੇ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਬਬਲੂ ਕੁਰੈਸ਼ੀ, ਗੁਰਚਰਨ ਸਿੰਘ ਰਾਜਪੂਤ ਸਾਹਨੇਵਾਲ, ਗੁਰਕਰਨ ਸਿੰਘ, ਜਥੇਦਾਰ ਹਰਜਿੰਦਰ ਸਿੰਘ, ਉਂਕਾਰ ਸਿੰਘ, ਪ੍ਰਕਾਸ਼ ਕਲਵਾ, ਬਾਬਾ ਦਰਸ਼ਨ ਸਿੰਘ, ਹਰਚਰਨ ਸਿੰਘ ਰਾਜਪੂਤ, ਇੰਤਜ਼ਾਰ ਕੁਰੈਸ਼ੀ ਸਮੇਤ ਕਈ ਆਗੂ ਅਤੇ ਵਰਕਰ ਹਾਜ਼ਰ ਸਨ।