ਪੱਤਰ ਪ੍ਰੇਰਕ
ਮਾਛੀਵਾੜਾ, 28 ਜੂਨ
ਬਲਾਕ ਮਾਛੀਵਾੜਾ ਅਧੀਨ ਪੈਂਦੀ ਦਿ ਪੰਜਗਰਾਈਆਂ ਖੇਤੀਬਾੜੀ ਬਹੁਮੰਤਰੀ ਸਹਿਕਾਰੀ ਸਭਾ ਦੇ ਡਾਇਰੈਕਟਰਾਂ ਦੀ ਅੱਜ ਚੋਣ ਹੋਈ। ਸਭਾ ਦੇ 11 ਡਾਇਰੈਕਟਰਾਂ ਦੀ ਚੋਣ ਲਈ ਕੱਲ੍ਹ ਨਾਮਜ਼ਦਗੀ ਪੱਤਰ ਭਰਨ ਮੌਕੇ 6 ਮੈਂਬਰ ਸੁਰਜੀਤ ਸਿੰਘ ਪੰਜਗਰਾਈਆਂ, ਅਮਰਜੀਤ ਸਿੰਘ ਅੰਬੀ ਰਹੀਮਾਬਾਦ, ਛਿੰਦਰਪਾਲ ਕੌਰ ਰਹੀਮਾਬਾਦ, ਬਲਵੀਰ ਕੌਰ ਜਾਤੀਵਾਲ, ਜਸਵੀਰ ਸਿੰਘ ਅਤੇ ਸੁਖਵੀਰ ਸਿੰਘ ਟਾਂਡਾ ਕੁਸ਼ਲ ਤੋਂ ਚੁਣ ਲਏ ਗਏ। ਇਸ ਤੋਂ ਇਲਾਵਾ 5 ਮੈਂਬਰਾਂ ਦੀ ਚੋਣ ਲਈ ਅੱਜ ਵੋਟਾਂ ਹੋਈਆਂ ਜਿਸ ’ਚ 9 ਉਮੀਦਵਾਰ ਮੈਦਾਨ ਵਿੱਚ ਸਨ। ਰਿਟਰਨਿੰਗ ਅਧਿਕਾਰੀ ਦੀ ਨਿਗਰਾਨੀ ਹੇਠ ਹੋਈਆਂ ਵੋਟਾਂ ਵਿਚ ਅੰਗਰੇਜ਼ ਸਿੰਘ, ਅਵਤਾਰ ਸਿੰਘ, ਸਤਨਾਮ ਸਿੰਘ ਝੜੌਦੀ, ਗਿਆਨ ਚੰਦ ਅਤੇ ਮਹਿੰਦਰ ਸਿੰਘ ਜੇਤੂ ਐਲਾਨੇ ਗਏ। ਸਭਾ ਦੀ ਚੋਣ ਲਈ ਦੋ ਧੜੇ ਆਹਮੋ-ਸਾਹਮਣੇ ਦਿਖਾਈ ਦਿੱਤੇ। ਇੱਕ ਧੜੇ ’ਚ ‘ਆਪ’, ਕਾਂਗਰਸੀ ਅਤੇ ਅਕਾਲੀ ਦਲ ਦੇ ਹੀ ਕੁਝ ਵਰਕਰ ਬਾਗੀ ਹੋ ਕੇ ਇਕੱਠੇ ਹੋਏ ਜਿਨ੍ਹਾਂ ਦਾ ਮੰਤਵ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਜਥੇਦਾਰ ਕੁਲਦੀਪ ਸਿੰਘ ਜਾਤੀਵਾਲ ਧੜੇ ਦੇ ਮੈਂਬਰਾਂ ਨੂੰ ਹਰਾਉਣਾ ਸੀ। ਇਸ ਮੁਕਾਬਲੇ ਵਿਚ ‘ਆਪ’, ਕਾਂਗਰਸ ਅਤੇ ਬਾਗੀ ਅਕਾਲੀ ਦਲ ਧੜੇ ਦੇ ਮੈਂਬਰਾਂ ਦੇ 6 ਡਾਇਰੈਕਟਰ ਚੁਣੇ ਗਏ ਜਦਕਿ ਦੂਜਾ ਧੜਾ ਸ਼੍ਰੋਮਣੀ ਅਕਾਲੀ ਦਲ ਦਾ ਸੀ ਉਸ ਦੇ ਕੇਵਲ 5 ਮੈਂਬਰ ਚੁਣੇ ਗਏ। ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੀ ਪੁੱਜੇ ਜਿਨ੍ਹਾਂ ਜੇਤੂ ਡਾਇਰੈਕਟਰਾਂ ਨੂੰ ਵਧਾਈ ਦਿੱਤੀ।