ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 20 ਅਗਸਤ
ਇਥੇ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਰਾਧੇ ਕ੍ਰਿਸ਼ਨਾ ਪ੍ਰਭਾਤ ਫੇਰੀ ਮੰਡਲ ਵੱਲੋਂ ਹੋਰ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਸਜਾਈ ਗਈ ਸ਼ਾਨਦਾਰ ਸ਼ੋਭਾ ਯਾਤਰਾ ਨੂੰ ਸ਼ਹਿਰ ਦੇ ਸ੍ਰੀ ਦੁਰਗਾ ਮਾਤਾ ਮੰਦਰ ਤੋਂ ਜੈਨ ਧਰਮ ਦੇ ਮਹਾਰਾਜ ਸ੍ਰੀ ਪੀਯੂਸ਼ ਮੁਨੀ ਜੀ ਅਤੇ ਸੰਯਮੇਸ਼ ਮੁਨੀ ਜੀ ਨੇ ਰਵਾਨਾ ਕੀਤਾ ਅਤੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਸ਼ੀਰਵਾਦ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਝੰਡੇ ਦੀ ਰਸਮ ਹਲਕਾ ਵਿਧਾਇਕ ਹਾਕਮ ਸਿੰਘ ਨੇ ਅਦਾ ਕੀਤੀ। ਜੋਤੀ ਪ੍ਰਚੰਡ ਦੀ ਰਸਮ ਉੱਘੇ ਸਮਾਜਸੇਵੀ ਹੀਰਾ ਲਾਲ ਬਾਂਸਲ (ਮੁਸਕਾਨ ਫੀਡ ਵਾਲੇ), ਕੱਪੜਾ ਵਪਾਰੀ ਅਨਿਲ ਜੈਨ ਅਤੇ ਪ੍ਰਧਾਨ ਇੰਦਰਪਾਲ ਗੋਲਡੀ ਨੇ ਅਦਾ ਕੀਤੀ। ਇਸ ਮੌਕੇ ਵਿਨੋਦ ਖੁਰਮੀ ਵੱਲੋਂ ਪੂਜਾ ਕਰਵਾਈ ਗਈ ਅਤੇ ਕ੍ਰਿਸ਼ਨ ਜੀ ਦੀ ਮੂਰਤੀ ਨੂੰ ਫੁੱਲਾਂ ਨਾਲ ਸਜਾਈ ਡੋਲੀ ਵਿਚ ਸੁਸ਼ੋਭਿਤ ਕੀਤਾ ਗਿਆ ਸੀ।
ਸ਼ਹਿਰ ਵਾਸੀਆਂ ਨੇ ਹਰ ਗਲੀ-ਮਹੱਲੇ ਵਿੱਚ ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ। ਇਸ ਮੌਕੇ ਵੱਡੀ ਗਿਣਤੀ ਔਰਤਾਂ ਅਤੇ ਬੱਚਿਆਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸ਼ਹਿਰ ਵਿਚ ਥਾਂ-ਥਾਂ ’ਤੇ ਸ਼ਰਧਾਲੂਆਂ ਵੱਲੋਂ ਕੜਾਹ-ਪ੍ਰਸ਼ਾਦ, ਖੀਰ, ਚਾਹ ਦੇ ਲੰਗਰ ਅਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਗਈਆਂ ਸਨ। ਸ਼ਾਮ ਲਾਲ ਗੋਇਲ, ਕਰਿਆਨਾ ਯੂਨੀਅਨ ਦੇ ਪ੍ਰਧਾਨ ਮਦਨ ਲਾਲ, ਪੰਕਜ ਜੇਠੀ, ਮੰਗਤ ਵਰਮਾ, ਓਮ ਦੱਤ ਸ਼ਰਮਾ, ਰਿਸ਼ੀ ਜੈਨ, ਦਲਜੀਤ ਕੁਮਾਰ ਗੋਰਾ ਸਮੇਤ ਹੋਰ ਅਨੇਕਾਂ ਪਤਵੰਤੇ ਸੱਜਣ ਮੌਜੂਦ ਸਨ। ਬਾਅਦ ਦੁਪਹਿਰ ਸ਼ਹਿਰ ਦੇ ਮੰਦਰ ਸ਼ਿਵਾਲਾ ਖ਼ਾਮ ਵਿਚ ਸ਼ੋਭਾ ਯਾਤਰਾ ਦੀ ਸਮਾਪਤੀ ਹੋਈ, ਇੱਥੇ ਸੰਗਤਾਂ ਲਈ ਭੰਡਾਰੇ ਦੇ ਪ੍ਰਬੰਧ ਕੀਤੇ ਗਏ ਸਨ।