ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਸਤੰਬਰ
ਵਿਦੇਸ਼ ਭੇਜਣ ਦੇ ਨਾਂ ’ਤੇ ਭੋਲੇ ਭਾਲੇ ਲੋਕਾਂ ਨਾਲ ਲੱਖਾਂ ਦੀ ਠੱਗੀ ਮਾਰਨ ਵਾਲੇ ਟਰੈਵਲ ਏਜੰਟਾਂ ਦੇ ਖਿਲਾਫ਼ ਸ਼ਿਵ ਸੈਨਾ ਪੰਜਾਬ ਦੇ ਵੱਲੋਂ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਮੰਗਲਵਾਰ ਨੂੰ ਸ਼ਿਵ ਸੈਨਾ ਪੰਜਾਬ ਦੇ ਵਰਕਰਾਂ ਨੇ ਵੱਖਰੇ ਤਰੀਕੇ ਨਾਲ ਪ੍ਰਦਰਸ਼ਨ ਕਰਦੇ ਹੋਏ ਪੁਲੀਸ ਕਮਿਸ਼ਨਰ ਦਫ਼ਤਰ ਤੱਕ ਢੰਡੋਤ ਕੀਤਾ। ਪੰਜਾਬੀ ਭਵਨ ਤੋਂ ਲੈ ਕੇ 2 ਸ਼ਿਵ ਸੈਨਿਕਾਂ ਨੇ ਪੀੜਤ ਪਰਿਵਾਰ ਨੂੰ ਨਾਲ ਲਿਆ ਅਤੇ ਖੁਦ ਡੰਡੋਤ ਕਰਦੇ ਹੋਏ ਪੁਲੀਸ ਕਮਿਸ਼ਨਰ ਦਫ਼ਤਰ ਪੁੱਜੇ। ਜਿੱਥੇ ਪਹਿਲਾਂ ਤੋਂ ਹੀ ਪੁਲੀਸ ਦੇ ਵੱਲੋਂ ਬੈਰੀਕੇਟਿੰਗ ਕੀਤੀ ਹੋਈ ਸੀ। ਪ੍ਰਦਰਸ਼ਨਕਾਰੀਆਂ ਨੂੰ ਉਥੇ ਰੋਕ ਦਿੱਤਾ ਗਿਆ। ਪ੍ਰਦਰਸ਼ਨਕਾਰੀ ਸ਼ਿਵ ਸੈਨਿਕਾਂ ਵੱਲੋਂ ਪੁਲੀਸ ਕਮਿਸ਼ਨਰ ਨੂੰ ਮਿਲਣ ਦੀ ਗੱਲ ਕੀਤੀ ਤਾਂ ਬਾਹਰ ਖੜ੍ਹੇ ਏਸੀਪੀ ਹਰੀਸ਼ ਬਹਿਲ ਨੇ 2 ਤਿੰਨ ਲੋਕਾਂ ਨੂੰ ਨਾਲ ਲਿਜਾ ਕੇ ਪੁਲੀਸ ਕਮਿਸ਼ਨਰ ਨਾਲ ਗੱਲ ਕਰਨ ਲਈ ਆਖਿਆ, ਪਰ ਪ੍ਰਦਰਸ਼ਨਕਾਰੀ ਅੜ੍ਹੇ ਰਹੇ ਕਿ ਉਹ ਸਾਰੇ ਹੀ ਮਿਲਣਗੇ।
ਇਸ ਤੋਂ ਬਾਅਦ ਏਸੀਪੀ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਮਨਾਇਆ ਅਤੇ ਜਾਂਚ ਦਾ ਭਰੋਸਾ ਦੇ ਕੇ ਉੱਥੋਂ ਭੇਜ ਦਿੱਤਾ। ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਦੀ ਅਗਵਾਈ ’ਚ ਪ੍ਰਦਰਸ਼ਨਕਾਰੀਆਂ ਤੇ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋ ਚੁੱਕੇ ਲੋਕਾਂ ਨੂੰ ਨਾਲ ਲਿਆ। ਉਨ੍ਹਾਂ ਦੇ ਕੁਝ ਸਾਥੀ ਡੰਡੋਤ ਕਰਦੇ ਹੋਏ ਨਾਅਰੇਬਾਜ਼ੀ ਕਰਦੇ ਹੋਏ ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਪੁੱਜੇ। ਜਿੱਥੇ ਪ੍ਰਦਰਸ਼ਨਕਾਰੀਆਂ ਨੇ ਠੱਗ ਟਰੈਵਲ ਏਜੰਟਾਂ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਇੱਥੋ ਤੱਕ ਦੋਸ਼ ਲਾ ਦਿੱਤਾ ਗਿਆ ਕਿ ਪੁਲੀਸ ਦੀ ਸ਼ੈਅ ’ਤੇ ਹੀ ਠੱਗੀ ਦੀਆਂ ਦੁਕਾਨਾਂ ਚੱਲ ਰਹੀਆਂ ਹਨ। ਇਨ੍ਹਾਂ ਸ਼ਿਕਾਇਤਾਂ ਦੇਣ ਤੋਂ ਬਾਅਦ ਵੀ ਠੱਗ ਟਰੈਵਲ ਏਜੰਟਾਂ ਖਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ। ਰਾਜੀਵ ਟੰਡਨ ਨੇ ਕਿਹਾ ਕਿ ਉਨ੍ਹਾਂ ਦੇ ਸਾਥੀ ਡੰਡੋਤ ਕਰਦੇ ਹੋਏ ਪੁੱਜ ਸਨ, ਪਰ ਪੁਲੀਸ ਦੇ ਵੱਲੋਂ ਉਨ੍ਹਾਂ ਨੂੰ ਪੁਲੀਸ ਕਮਿਸ਼ਨਰ ਨਾਲ ਮੁਲਾਕਾਤ ਤੋਂ ਰੋਕਿਆ ਗਿਆ ਹੈ। ਹਜ਼ਾਰਾਂ ਲੋਕਾਂ ਨੂੰ ਟਰੈਵਲ ਏਜੰਟਾਂ ਨੇ ਆਪਣਾ ਸ਼ਿਕਾਰ ਬਣਾ ਲਿਆ ਹੈ, ਪਰ ਉਨ੍ਹਾਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਹੋਈ।
ਇੱਕ ਮਹੀਨਾ ਪਹਿਲਾਂ ਫੁਆਰਾ ਚੌਕ ’ਚ ਠੱਗ ਟਰੈਵਲ ਏਜੰਟਾਂ ਦੇ ਖਿਲਾਫ਼ ਕਾਰਵਾਈ ਦੀ ਸ਼ਿਕਾਇਤ ਦਿੱਤੀ ਸੀ, ਪਰ ਪੁਲੀਸ ਨੇ ਉਸ ’ਚ ਹਾਲੇ ਤੱਕ ਜਾਂਚ ਵੀ ਸ਼ੁਰੂ ਨਹੀਂ ਕੀਤੀ। ਏਸੀਪੀ ਹਰੀਸ਼ ਬਹਿਲ ਨੇ ਪ੍ਰਦਰਸ਼ਨਕਾਰੀਆਂ ਨੂੰ ਉਸ ਮਾਮਲੇ ਦੀ ਜਾਂਚ ਤੋਂ ਜਾਣੂ ਕਰਵਾਇਆ ਤੇ ਅੱਗੇ ਵੀ ਨਿਰਪੱਖ ਜਾਂਚ ਦਾ ਭਰੋਸਾ ਦੇ ਕੇ ਉਥੋਂ ਵਾਪਸ ਭੇਜ ਦਿੱਤਾ।