ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਅਪਰੈਲ
ਜਿਥੇ ਪੰਜਾਬ ਦੇ ਨੌਜਵਾਨ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੀ ਹੋੜ ਵਿੱਚ ਲੱਗੇ ਹੋਏ ਹਨ, ਉਥੇ ਹੀ ਲੁਧਿਆਣਾ ਦੇ ਨੌਜਵਾਨ ਨੇ ਇੱਥੇ ਹੀ ਪੜ੍ਹਾਈ ਕਰਕੇ ਅਮਰੀਕਾ ਦੀ ਵੱਡੀ ਕੰਪਨੀ ਵਿੱਚ ਨੌਕਰੀ ਹਾਸਲ ਕੀਤੀ ਹੈ। ਇਸ ਵੱਡੀ ਪ੍ਰਾਪਤੀ ਤੋਂ ਬਾਅਦ ਇਸ ਨੌਜਵਾਨ ਦੀ ਤਸਵੀਰ ਕੰਪਨੀ ਨੇ ਅਮਰੀਕਾ ਦੇ ਨਿਊਯਾਰਕ ਦੇ ਟਾਈਮਜ਼ ਸਕੁਏਅਰ ’ਤੇ ਵੀ ਲਗਾਈ ਹੈ। ਸਹਿਜਪਾਲ ਸਿੰਘ ਦੀ ਤਸਵੀਰ ਟਾਈਮਜ਼ ਸਕੁਏਅਰ ’ਤੇ ਲੱਗਦੇ ਸਾਰ ਹੀ ਲੁਧਿਆਣਾ ਇੰਟਰਨੈੱਟ ਦੀ ਦੁਨੀਆ ’ਤੇ ਛਾਇਆ ਰਿਹਾ। ਲੁਧਿਆਣਾ ਦੇ ਗਿੱਲ ਰੋਡ ਦੇ ਵਾਸੀ ਸਹਿਜਪਾਲ ਸਿੰਘ ਦੇ ਘਰ ਵਿੱਚ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗ ਰਹੀ। ਦਰਅਸਲ, ਸਹਿਜਪਾਲ ਸਿੰਘ ਅਮਰੀਕਾ ਦੇ ਮਲਟੀਨੈਸ਼ਨਲ ਇਨਵੈਸਟਮੈਂਟ ਬੈਂਕ ਮੋਰਗਨ ਸਟੈਨਲੀ ਦੇ ਟੈਕਨਾਲੋਜੀ ਐਨਾਲਿਸ ਪ੍ਰੋਗਰਾਮ ਦਾ ਹਿੱਸਾ ਬਣਿਆ ਹੈ, ਜਿਸ ਤੋਂ ਬਾਅਦ ਇਸ ਬੈਂਕ ਵੱਲੋਂ ਸਹਿਜਪਾਲ ਸਿੰਘ ਦੀ ਫੋਟੋ ਟਾਈਮਜ਼ ਸਕੁਏਅਰ ’ਤੇ ਲਗਾਈ ਗਈ ਹੈ।
ਆਪਣੇ ਘਰ ਵਿੱਚ ਮਾਤਾ-ਪਿਤਾ ਦੇ ਨਾਲ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲ ਕਰਦੇ ਹੋਏ 22 ਸਾਲਾ ਸਹਿਜਪਾਲ ਨੇ ਦੱਸਿਆ ਕਿ ਉਸ ਨੇ ਥਾਪਰ ਯੂਨੀਵਰਸਿਟੀ ਤੋਂ ਬੀਟੈੱਕ ਕੰਪਿਊਟਰ ਸਾਇੰਸ ਕੀਤੀ ਹੈ, ਉਸ ਤੋਂ ਬਾਅਦ ਮੋਰਟਨ ਸਟੈਨਲੀ ਲਈ ਨੌਕਰੀ ਅਪਲਾਈ ਕੀਤੀ ਸੀ। ਉਸ ਨੇ ਦੱਸਿਆ ਕਿ ਯੂਐੱਸ ਦੇ ਟੈਕਨਾਲੋਜੀ ਐਨਾਲਿਸ ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ ਕਈ ਇੰਟਰਵਿਊ ਹੁੰਦੀਆਂ ਹਨ, ਇਹ ਇਸ ਇੰਡਸਟਰੀ ਦਾ ਸਭ ਤੋਂ ਔਖਾ ਪ੍ਰੋਗਰਾਮ ਮੰਨਿਆ ਜਾਂਦਾ ਹੈ। ਇਸ ਵਿੱਚ 10 ਤੋਂ 12 ਟੈਸਟ ਹੁੰਦੇ ਹਨ, ਜੋ ਕਿ ਕੰਪਿਊਟਰ ਸਾਇੰਸ ’ਤੇ ਆਧਾਰਿਤ ਹੁੰਦੇ ਹਨ। ਸਹਿਜਪਾਲ ਸਿੰਘ ਨੇ ਦੱਸਿਆ ਕਿ ਉਸਨੂੰ ਇਹ ਕੋਰਸ ਕਰਨ ਤੋਂ ਪਹਿਲਾਂ ਹੀ ਪਤਾ ਸੀ ਕਿ ਇਸ ਕੋਰਸ ਨੂੰ ਪੂਰਾ ਕਰਨ ਤੋਂ ਬਾਅਦ ਉਸਦੀ ਫੋਟੋ ਨਿਊਯਾਰਕ ਦੇ ਟਾਈਮਜ਼ ਸਕੁਏਅਰ ’ਤੇ ਲੱਗੇਗੀ ਕਿਉਂਕਿ ਇਸ ਕੰਪਨੀ ਵਿੱਚ ਇਸ ਕੋਰਸ ਦੇ ਲਈ ਪਾਸ ਹੋਣ ਵਾਲੇ ਸਾਰੇ ਹੀ ਬੱਚਿਆਂ ਦੀ ਫੋਟੋ ਕੰਪਨੀ ਇੱਥੇ ਡਿਸਪਲੇ ਕਰਦੀ ਹੈ।