ਨਿੱਜੀ ਪੱਤਰ ਪ੍ਰੇਰਕ
ਖੰਨਾ, 10 ਫ਼ਰਵਰੀ
ਇਥੋਂ ਨਰੋਤਮ ਨਗਰ ਦਾ ਸੀਵਰੇਜ ਹਮੇਸ਼ਾ ਬੰਦ ਰਹਿਣ ਕਾਰਨ ਨਗਰ ਕੌਂਸਲ ਪੰਪ ਨਾਲ ਟਰੈਕਟਰ ਵਾਲੀ ਟੈਂਕੀ ਵਿਚ ਪਾਣੀ ਭਰ ਕੇ ਰੋਜ਼ਾਨਾ ਢੋਆ ਢੁਆਈ ਕਰਦੀ ਸੀ ਪਰ ਹੁਣ ਨਗਰ ਕੌਂਸਲ ਨੇ ਇਸ ਤੋਂ ਬਚਣ ਲਈ ਸੀਵਰੇਜ ਦਾ ਗੰਦਾ ਪਾਣੀ ਅੰਡਰਬ੍ਰਿਜ ਹੇਠਾਂ ਸੁੱਟਣਾ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਇਥੇ 3 ਤੋਂ 4 ਫੁੱਟ ਪਾਣੀ ਭਰ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਦੀ ਡੂੰਘਾਈ 15 ਫੁੱਟ ਤੱਕ ਪੁੱਜ ਜਾਵੇਗੀ। ਦੱਸਣਯੋਗ ਹੈ ਕਿ ਰਤਨਹੇੜੀ ਅੰਡਰਬ੍ਰਿਜ ਰੇਲਵੇ ਲਾਈਨ ਹੇਠ ਪੁਲ ਬਣਾਉਣ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਬਾਕੀ ਕੰਮ ਲੋਕ ਨਿਰਮਾਣ ਵਿਭਾਗ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਜਾਣਾ ਹੈ। ਇਥੋਂ ਦੇ ਵਸਨੀਕ ਬਲਬੀਰ ਸ਼ਰਮਾ ਨੇ ਕਿਹਾ ਕਿ ਰਤਨਹੇੜੀ ਰੋਡ ’ਤੇ ਅੰਡਰਬ੍ਰਿਜ ਲਈ 15 ਫੁੱਟ ਡੂੰਘੀ ਜ਼ਮੀਨ ਪੁੱਟੀ ਗਈ ਹੈ, ਜੇਕਰ ਆਉਣ ਵਾਲੇ ਦਿਨਾਂ ਵਿਚ ਇਹ ਪਾਣੀ ਇਸੇ ਤਰ੍ਹਾਂ ਭਰਦਾ ਰਿਹਾ ਤਾਂ ਰਾਹਗੀਰਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਇਸ ਸਬੰਧੀ ਨਗਰ ਕੌਂਸਲ ਦੇ ਈ.ਓ ਚਰਨਜੀਤ ਸਿੰਘ ਉੱਭੀ ਨੇ ਕਿਹਾ ਕਿ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੀ ਸਹੂਲਤ ਲਈ ਕੱਢਿਆ ਜਾ ਰਿਹਾ ਹੈ।