ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਜੂਨ
ਸਨਅਤੀ ਸ਼ਹਿਰ ਦੇ ਡੀਸੀ ਸੁਰਭੀ ਮਲਿਕ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ, ਬੁੱਢੇ ਦਰਿਆ ਦੇ ਨਾਲ ਲਗਦੀ 18 ਏਕੜ ਜ਼ਮੀਨ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਜੰਗਲਾਤ ਅਫ਼ਸਰ ਹਰਭਜਨ ਸਿੰਘ ਵੀ ਉਨ੍ਹਾਂ ਨਾਲ ਮੌਜੂਦ ਸਨ। ਬੀਤੇ ਦਿਨੀਂ ਇਹ ਜ਼ਮੀਨ ਜ਼ਿਲ੍ਹਾ ਜੰਗਲਾਤ ਅਫ਼ਸਰ ਹਰਭਜਨ ਸਿੰਘ ਦੀ ਅਗਵਾਈ ਹੇਠ ਪੰਜਾਬ ਜੰਗਲਾਤ ਵਿਭਾਗ ਵੱਲੋਂ ਕਬਜ਼ਾ ਮੁਕਤ ਕਰਵਾਈ ਗਈ ਸੀ। ਜ਼ਿਲ੍ਹਾ ਜੰਗਲਾਤ ਅਫ਼ਸਰ ਹਰਭਜਨ ਸਿੰਘ ਨੇ ਕਿਹਾ ਕਿ ਬੂਟੇ ਲਗਾਉਣ ਦੀ ਮੁਹਿੰਮ ਤਹਿਤ ਬੁੱਢੇ ਨਾਲੇ ਦੇ ਨਾਲ-ਨਾਲ 7 ਹਜ਼ਾਰ ਦੇ ਕਰੀਬ ਪੌਦੇ ਲਗਾਏ ਜਾਣਗੇ ਜੋ ਆਉਣ ਵਾਲੇ ਸਾਲਾਂ ਵਿੱਚ ਬੁੱਢਾ ਦਰਿਆ ਦੇ ਨਾਲ ਪ੍ਰਦੂਸ਼ਣ ਮੁਕਤ ਵਾਤਾਵਰਣ ਪ੍ਰਦਾਨ ਕਰਨਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਏਡੀਸੀ ਅਮਿਤ ਕੁਮਾਰ ਪੰਚਾਲ, ਕਾਰਜਕਾਰੀ ਇੰਜੀਨੀਅਰ ਹਰਜੋਤ ਸਿੰਘ, ਕਾਇਆ ਕਲਪ ਪ੍ਰਾਜੈਕਟ ਦੀ ਟਾਸਕ ਫੋਰਸ ਦੇ ਮੈਂਂਬਰ ਸੇਵਾਮੁਕਤ ਕਰਨਲ ਜਸਜੀਤ ਸਿੰਘ ਗਿੱਲ ਤੇ ਵਣ ਰੇਂਜ ਅਫ਼ਸਰ ਕਮਲਪ੍ਰੀਤ ਸਿੰਘ ਨੇ ਵੀ ਬੂਟੇ ਲਗਾਏ।