ਨਿੱਜੀ ਪੱਤਰ ਪ੍ਰੇਰਕ
ਖੰਨਾ, 3 ਨਵੰਬਰ
ਪੁਲੀਸ ਜ਼ਿਲ੍ਹਾ ਖੰਨਾ ਨੇ 48 ਘੰਟੇ ਪਹਿਲਾਂ ਲੁੱਟੇ 7 ਲੱਖ ਰੁਪਏ ਨਾਲ ਸਬੰਧਤ 5 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਐੱਸਐੱਸਪੀ ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਅਨੁਸਾਰ 31 ਅਕਤੂਬਰ ਦੀ ਸ਼ਾਮ ਨੂੰ ਜਦੋਂ ਮੰਡੀ ਗੋਬਿੰਦਗੜ੍ਹ ਦੇ ਪੈਟਰੋਲ ਪੰਪ ਦੇ ਕਰਿੰਦੇ ਪਰਮਜੀਤ ਸਿੰਘ ਅਤੇ ਪ੍ਰਦੀਪ ਸਿੰਘ ਪੰਪ ਦੀ ਪੇਮੈਂਟ ਖੰਨਾ ਦੇ ਬੈਂਕ ਵਿਚ ਜਮ੍ਹਾਂ ਕਰਵਾਉਣ ਲਈ ਲੈ ਕੇ ਜਾ ਰਹੇ ਸਨ ਤਾਂ ਦੋ ਸਕੂਟਰ ਸਵਾਰ ਲੜਕੇ ਸ਼ਨੀਦੇਵ ਮੰਦਰ ਨੇੜੇ ਉਨ੍ਹਾਂ ਨੂੰ ਘੇਰ ਕੇ ਅੱਖਾਂ ਵਿਚ ਮਿਰਚਾਂ ਪਾ ਕੇ 7 ਲੱਖ ਰੁਪਏ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਪੈਟਰੋਲ ਪੰਪ ਮਾਲਕ ਦੀਪਕ ਜੈਨ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ। ਐੱਸਐੱਸਪੀ ਅਨੁਸਾਰ ਟੈਕਨੀਕਲ ਢੰਗ ਅਤੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ 48 ਘੰਟਿਆਂ ਵਿਚ ਹੀ ਵਾਰਦਾਤ ਨਾਲ ਸਬੰਧਤ 5 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਦੀ ਪਛਾਣ ਪ੍ਰਦੀਪ ਸਿੰਘ, ਰਜਤ ਅਰੋੜਾ (ਦੋਵੇਂ ਵਾਸੀ ਬਿੱਲਾਂ ਵਾਲੀ ਛੱਪੜੀ), ਰਮਨ ਸ਼ਰਮਾ ਸ਼ਿਵਪੁਰੀ ਮੁਹੱਲਾ, ਵਿਕਾਸ ਬਾਲੀ ਪੀਰਖਾਨਾ ਰੋਡ ਅਤੇ ਮੁਨੀਸ਼ ਕੁਮਾਰ ਖੰਨਾ ਵਜੋਂ ਹੋਈ। ਇਨ੍ਹਾਂ ਪਾਸੋਂ 7 ਲੱਖ ਵਿੱਚੋਂ 4.70 ਹਜ਼ਾਰ ਰੁਪਏ ਨਗਦ, ਵਾਰਦਾਤ ਵਿਚ ਵਰਤੀ ਸਕੂਟਰੀ ਨੰਬਰ-ਪੀਬੀ 26ਜੀ 8909 ਅਤੇ ਮੁਲਜ਼ਮ ਰਜਤ ਅਰੋੜਾ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਐੱਸਐੱਸਪੀ ਅਨੁਸਾਰ ਇਹ ਲੁੱਟ ਮਿਲੀਭੁਗਤ ਨਾਲ ਕੀਤੀ ਗਈ ਸੀ, ਜਿਸ ਵਿਚ ਪੈਟਰੋਲ ਪੰਪ ’ਤੇ ਕੰਮ ਕਰਦੇ ਪ੍ਰਦੀਪ ਸਿੰਘ ਵੱਲੋਂ ਸਾਰੀ ਯੋਜਨਾ ਬਣਾਈ ਗਈ ਸੀ।