ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 3 ਅਕਤੂਬਰ
ਖੇਡਾਂ ਵਤਨ ਪੰਜਾਬ ਦੀਆਂ ਅਧੀਨ ਹੋਏ ਲੜਕੀਆਂ ਦੇ ਜ਼ਿਲ੍ਹਾ ਪੱਧਰੀ ਕਬੱਡੀ ਮੁਕਾਬਲਿਆਂ ’ਚ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ (ਲੜਕੀਆਂ) ਕਮਾਲਪੁਰਾ ਦੀਆਂ ਤਿੰਨ ਵਿਦਿਆਰਥਣਾਂ ਨੇ ਭਾਗ ਲਿਆ। ਸਰੀਰਕ ਸਿੱਖਿਆ ਵਿਭਾਗ ਦੀ ਅਧਿਆਪਕਾ ਪ੍ਰੋ. ਅਮਨਦੀਪ ਕੌਰ ਨੇ ਦੱਸਿਆ ਕਿ ਅੰਡਰ-21 ਵਰਗ ਵਿੱਚ ਸ਼ਰੀਂਹ ਦੀ ਟੀਮ ਚੈਂਪੀਅਨ ਬਣੀ ਅਤੇ ਇਸ ਟੀਮ ’ਚ ਕਮਾਲਪੁਰਾ ਕਾਲਜ ਦੀਆਂ ਬੀਏ ਫਾਈਨਲ ਦੀਆਂ ਤਿੰਨ ਵਿਦਿਆਰਥਣਾਂ ਸਿਮਰਨ, ਗਗਨਦੀਪ ਕੌਰ ਅਤੇ ਮਨਜੀਤ ਕੁਮਾਰੀ ਨੇ ਭਾਗ ਲਿਆ ਅਤੇ ਜਿੱਤ ਪ੍ਰਾਪਤ ਕੀਤੀ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਬਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਕਬੱਡੀ ਟੀਮ ਦੇ ਚੈਂਪੀਅਨ ਬਣਨ ’ਚ ਤਿੰਨਾਂ ਵਿਦਿਆਰਥਣਾਂ ਦਾ ਅਹਿਮ ਰੋਲ ਰਿਹਾ ਤੇ ਦੋ ਖਿਡਾਰਨਾਂ ਸਿਮਰਨ ਅਤੇ ਗਗਨਦੀਪ ਕੌਰ ਦੀ ਸੂਬਾ ਪੱਧਰ ’ਤੇ ਖੇਡਣ ਲਈ ਚੋਣ ਹੋ ਚੁੱਕੀ ਹੈ।
ਇਸ ਮੌਕੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਬਲਜਿੰਦਰ ਸਿੰਘ ਹੰਸਰਾ, ਮੀਤ ਪ੍ਰਧਾਨ ਅਮਰਜੀਤ ਸਿੰਘ ਹੰਸਰਾ, ਸਕੱਤਰ ਮਲਕੀਅਤ ਸਿੰਘ ਰਾਜਲ ਅਤੇ ਅਵਤਾਰ ਸਿੰਘ ਚੀਮਾ ਨੇ ਜੇਤੂ ਰਹੀਆਂ ਖਿਡਾਰਨਾਂ ਨੂੰ ਮੁਬਾਰਕਾਂ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।