ਸੰਤੋਖ ਗਿੱਲ
ਮੁੱਲਾਂਪੁਰ ਦਾਖਾ, 31 ਮਾਰਚ
ਮੁੱਲਾਂਪੁਰ ਦਾਖਾ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਪ੍ਰੇਮ ਇੰਦਰ ਕੁਮਾਰ ਗੋਗਾ ਵਿਰੁੱਧ ਦਾਖਾ ਪੁਲੀਸ ਨੇ 10 ਦਿਨਾਂ ਵਿੱਚ ਦੂਜਾ ਕੇਸ ਦਰਜ ਕੀਤਾ ਹੈ। ਥਾਣੇਦਾਰ ਜਨਕ ਰਾਜ ਨਾਲ ਮਿਲ ਕੇ ਪਰਵਾਸੀ ਪੰਜਾਬੀ ਦੇ ਪਲਾਟ ਉੱਤੇ ਜਬਰੀ ਕਬਜ਼ਾ ਕਰਨ ਦੇ ਦੋਸ਼ਾਂ ਹੇਠ ਦਰਜ ਹੋਏ ਪਹਿਲੇ ਕੇਸ ਵਿੱਚ ਅਜੇ ਕੱਲ੍ਹ ਹੀ ਉਸ ਨੂੰ ਲੁਧਿਆਣਾ ਦੀ ਅਦਾਲਤ ਤੋਂ ਅਗਾਊਂ ਜ਼ਮਾਨਤ ਮਿਲੀ ਸੀ।
ਇਸੇ ਦੌਰਾਨ ਸਾਬਕਾ ਪ੍ਰਧਾਨ ਅਤੇ ਦੋ ਹੋਰਨਾਂ ਖ਼ਿਲਾਫ਼ ਥਾਣਾ ਦਾਖਾ ਦੀ ਪੁਲੀਸ ਨੇ ਮੌਤ ਦੇ 25 ਸਾਲ ਬਾਅਦ ਝੂਠੀ ਵਸੀਅਤ ਬਣਾ ਕੇ ਜਾਇਦਾਦ ਦੀ ਰਜਿਸਟਰੀ ਕਰਵਾਉਣ ਦੇ ਗੰਭੀਰ ਦੋਸ਼ਾਂ ਹੇਠ ਇਕ ਹੋਰ ਕੇਸ ਦਰਜ ਕਰ ਲਿਆ ਹੈ। ਇਸ ਕੇਸ ਵਿੱਚ ਸਾਬਕਾ ਪ੍ਰਧਾਨ ਗੋਗਾ ਤੋਂ ਇਲਾਵਾ ਰਾਏਕੋਟ ਰੋਡ ਮੁੱਲਾਂਪੁਰ ਵਾਸੀ ਤਿਲਕ ਰਾਜ ਅਤੇ ਤਹਿਸੀਲ ਦਾਖਾ ਦੇ ਇਕ ਅਸ਼ਟਾਮ-ਫ਼ਰੋਸ਼ ਭਰਪੂਰ ਸਿੰਘ ਵਾਸੀ ਪਿੰਡ ਹਿੱਸੋਵਾਲ ਨੂੰ ਵੀ ਨਾਮਜ਼ਦ ਕੀਤਾ ਹੈ। ਮਨਜੀਤ ਉਰਫ਼ ਸੋਨੀ ਵਾਸੀ ਰਾਏਕੋਟ ਰੋਡ, ਮੁੱਲਾਂਪੁਰ ਨੇ ਲਿਖਤੀ ਸ਼ਿਕਾਇਤ ਵਿਚ ਦੋਸ਼ ਲਾਇਆ ਸੀ ਕਿ ਉਸ ਦੇ ਦਾਦਾ ਨਾਨਕ ਚੰਦ ਦੀ ਮੌਤ 28 ਜੁਲਾਈ 1985 ਨੂੰ ਹੋਈ ਸੀ। ਮੁਲਜ਼ਮਾਂ ਨੇ ਗੰਢ-ਤੁਪ ਕਰ ਕੇ ਨਗਰ ਪੰਚਾਇਤ ਦਾਖਾ ਤੋਂ ਨਾਨਕ ਚੰਦ ਦੀ ਮੌਤ ਦਾ ਸਰਟੀਫਿਕੇਟ ਬਣਵਾ ਲਿਆ। ਇੱਥੇ ਹੀ ਬੱਸ ਨਹੀਂ ਮੁਲਜ਼ਮਾਂ ਨੇ ਨਾਨਕ ਚੰਦ ਦੀ ਮੌਤ ਤੋਂ ਕੁਝ ਅਰਸਾ ਪਹਿਲਾਂ 17 ਅਕਤੂਬਰ 1984 ਦੀ ਤਰੀਕ ਪਾ ਕੇ 25 ਸਾਲ ਬਾਅਦ ਅਪਰੈਲ 2010 ਵਿੱਚ ਇੱਕ ਝੂਠੀ ਵਸੀਅਤ ਉਸ ਦੇ ਤਾਏ ਹਰਬੰਸ ਲਾਲ ਦੇ ਨਾਮ ਦੀ ਤਿਆਰ ਕਰ ਲਈ ਅਤੇ ਇਸੇ ਵਸੀਅਤ ਰਾਹੀਂ ਜਾਇਦਾਦ ਦੀ ਰਜਿਸਟਰੀ ਤਿਲਕ ਰਾਜ ਦੇ ਨਾਮ ਕਰਵਾ ਦਿੱਤੀ। ਸੋਨੀ ਨੇ ਦੋਸ਼ ਲਾਇਆ ਕਿ ਪ੍ਰੇਮ ਇੰਦਰ ਕੁਮਾਰ ਗੋਗਾ ਉੱਚੀ ਰਾਜਸੀ ਪਹੁੰਚ ਰੱਖਦਾ ਸੀ ਅਤੇ ਨਗਰ ਪੰਚਾਇਤ ਦਾ ਪ੍ਰਧਾਨ ਵੀ ਰਿਹਾ। ਉਸ ਨੇ ਅਸ਼ਟਾਮ ਫ਼ਰੋਸ਼ ਭਰਪੂਰ ਸਿੰਘ, ਨੰਬਰਦਾਰ ਹਰਭਜਨ ਸਿੰਘ, ਗਵਾਹ ਕਿਸ਼ੋਰ ਕੁਮਾਰ ਵਰਮਾ ਅਤੇ ਖ਼ਰੀਦਦਾਰ ਤਿਲਕ ਰਾਜ ਨੇ ਨਾਨਕ ਚੰਦ ਦੀ ਜ਼ਮੀਨ ਦੀ ਰਜਿਸਟਰੀ ਕਰਵਾ ਲਈ ਸੀ। ਮਨਜੀਤ ਸੋਨੀ ਨੇ 9 ਜੁਲਾਈ 2017 ਨੂੰ ਵੀ ਐੱਸਐੱਸਪੀ ਲੁਧਿਆਣਾ ਦਿਹਾਤੀ ਨੂੰ ਸ਼ਿਕਾਇਤ ਕੀਤੀ ਸੀ, ਪਰ ਰਾਜਨੀਤਕ ਪਹੁੰਚ ਨਾਲ 2018 ਵਿੱਚ ਉਹ ਸ਼ਿਕਾਇਤ ਬੰਦ ਕਰ ਦਿੱਤੀ ਗਈ। ਹੁਣ 18 ਮਾਰਚ ਨੂੰ ਮੁੜ ਸ਼ਿਕਾਇਤ ਕੀਤੀ ਗਈ ਅਤੇ ਜ਼ਿਲ੍ਹਾ ਪੁਲਿਸ ਮੁਖੀ ਕੇਤਨ ਪਾਟਿਲ ਬਲੀਰਾਮ ਨੇ ਐੱਸ.ਪੀ. ਅਪਰੇਸ਼ਨ ਗੁਰਮੀਤ ਕੌਰ ਤੋਂ ਜਾਂਚ ਕਰਵਾਉਣ ਤੋਂ ਬਾਅਦ ਸਰਕਾਰੀ ਵਕੀਲ ਦੇ ਮਸ਼ਵਰੇ ਨਾਲ ਇਹ ਕੇਸ ਦਰਜ ਕਰਨ ਦੇ ਹੁਕਮ ਦਿੱਤੇ। ਥਾਣੇਦਾਰ ਸਤਪਾਲ ਸਿੰਘ ਅਨੁਸਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ।