ਜੋਗਿੰਦਰ ਸਿੰਘ ਓਬਰਾਏ
ਖੰਨਾ, 24 ਅਗਸਤ
ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਅਨਾਜ ਘੁਟਾਲੇ ਵਿੱਚ ਹੋਈ ਗ੍ਰਿਫ਼ਤਾਰੀ ਮਗਰੋਂ ਸੂਬੇ ਦਾ ਮਾਹੌਲ ਭਖ਼ਿਆ ਹੋਇਆ ਹੈ। ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਹੋਣ ਕਾਰਨ ਇਸ ਦੀ ਜਾਂਚ ਦਾ ਸੇਕ ਖੰਨਾ ਦੇ ਕੁਝ ਕਾਂਗਰਸੀਆਂ ਤੱਕ ਵੀ ਪਹੁੰਚ ਸਕਦਾ ਹੈ। ਇੱਥੇ ਚਰਚਾ ਹੈ ਕਿ ਇੱਕ ਕਾਂਗਰਸੀ ਆਗੂ ਦੀ ਭਾਰਤ ਭੂਸ਼ਣ ਨਾਲ ਕਾਫੀ ਨੇੜਤਾ ਸੀ, ਜਿਸ ਦੇ ਕਹਿਣ ’ਤੇ ਹੀ ਪੰਜਾਬ ਦੀਆਂ ਮੰਡੀਆਂ ਵਿੱਚ ਇਹ ਖੇਡ ਖੇਡੀ ਗਈ ਸੀ। ਇਹ ਵਿਅਕਤੀ ਹੀ ਮੰਡੀਆਂ ਦੀ ਸਾਰੀ ਗੜਬੜੀ ਦੇ ਮੁੱਖ ਕਰਤਾ-ਧਰਤਾ ਸੀ, ਇਹ ਵਿਅਕਤੀ ਪਹਿਲਾਂ ਹੀ ਕਾਰਵਾਈ ਦੇ ਡਰੋਂ ਇੱਥੋਂ ਭੱਜ ਗਿਆ ਸੀ ਤੇ ਇਨ੍ਹੀਂ ਦਿਨੀਂ ਕੈਨੇਡਾ ਵਿੱਚ ਦੱਸਿਆ ਜਾਂਦਾ ਹੈ। ਸੂਤਰਾਂ ਅਨੁਸਾਰ ਸੀਜ਼ਨ ਦੌਰਾਨ ਸਰਕਾਰ ਨੇ ਲਿਫਟਿੰਗ ਸਬੰਧੀ ਠੇਕੇਦਾਰ ਨੂੰ ਢੋਆ-ਢੁਆਈ ਲਈ ਨਿਰਧਾਰਿਕ ਰਕਮ ਦੇ ਦਿੱਤੀ ਸੀ ਉਸ ਨੇ ਅੱਗੇ ਆੜ੍ਹਤੀਆਂ ਨੂੰ ਦੋ ਤੋਂ ਢਾਈ ਰੁਪਏ ਪ੍ਰਤੀ ਬੋਰੀ ਦਿੱਤੇ ਗਏ ਸਨ, ਜਦਕਿ ਠੇਕੇਦਾਰ ਨੂੰ 7 ਰੁਪਏ ਪ੍ਰਤੀ ਬੋਰੀ ਮਿਲੇ ਸਨ। ਹਰ ਆੜ੍ਹਤੀ ਨੂੰ ਲੱਖਾਂ ਰੁਪਏ ਦਾ ਚੂਨਾ ਲੱਗਿਆ ਸੀ। ਦੱਸਣਯੋਗ ਹੈ ਕਿ ਕਾਂਗਰਸ ਦੀ ਸਰਕਾਰ ਦੌਰਾਨ ਲਗਾਤਾਰ ਦੋ ਸਾਲ ਅਨਾਜ ਮੰਡੀ ਦੀ ਲਿਫਟਿੰਗ ਦਾ ਮਾਮਲਾ ਵਿਵਾਦਾਂ ’ਚ ਰਿਹਾ ਸੀ। ਇਸ ਕਾਰਨ ਮੰਤਰੀ ਗੁਰਕੀਰਤ ਕੋਟਲੀ ਨੂੰ ਵਿਧਾਨ ਸਭਾ ਸੀਟ ਦੌਰਾਨ ਸਿਆਸੀ ਨੁਕਸਾਨ ਉਠਾਉਣਾ ਪਿਆ, ਉਨ੍ਹਾਂ ਦੀ ਚੋਣਾਂ ਦੌਰਾਨ ਜ਼ਮਾਨਤ ਵੀ ਜ਼ਬਤ ਹੋ ਗਈ ਸੀ। ਮਜ਼ਦੂਰਾਂ ਨੇ ਚੋਣਾਂ ਦੌਰਾਨ ਕੋਟਲੀ ਖ਼ਿਲਾਫ਼ ਪ੍ਰਚਾਰ ਕਰਦਿਆਂ ਵੀਡੀਓ ਵਾਇਰਲ ਕੀਤੀ ਸੀ।
ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਰਸ਼ਨ ਲਾਲ ਨੇ ਕਿਹਾ ਕਿ ਠੇਕੇਦਾਰ ਨੇ ਉਨ੍ਹਾਂ ਨਾਲ ਵੀ ਲੱਖਾਂ ਰੁਪਏ ਦੀ ਲੁੱਟ ਕੀਤੀ ਹੈ। ਇਸ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਸਖ਼ਤ ਸ਼ਜਾਵਾਂ ਦਿੱਤੀਆਂ ਜਾਣ ਤੇ ਮਜ਼ਦੂਰਾਂ ਦੀ ਮਿਹਨਤ ਦਿਵਾਈ ਜਾਵੇ। ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਵੱਲੋਂ ਠੇਕੇਦਾਰਾਂ ਦੀਆਂ ਤਾਰਾਂ ਨੂੰ ਜੋੜਨ ਦੇ ਯਤਨ ਕੀਤੇ ਜਾ ਰਹੇ ਹਨ। ਕੁਝ ਸਮਾਂ ਪਹਿਲਾਂ ਵੀ ਵਿਜੀਲੈਂਸ ਵੱਲੋਂ ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਤੋਂ ਜਾਣਕਾਰੀ ਹਾਸਲ ਕੀਤੀ ਦੱਸੀ ਜਾ ਰਹੀ ਹੈ।
ਮੰਡੀ ਵਿੱਚ ਹੋਏ ਘਪਲਿਆਂ ਦੀ ਨਿਰਪੱਖ ਜਾਂਚ ਹੋਵੇ: ਅਕਾਲੀ ਆਗੂ
ਇਸ ਮੌਕੇ ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਨੇ ਘਪਲਿਆਂ ਦੀ ਜਾਂਚ ਮੰਗੀ ਹੈ। ਮੰਤਰੀ ਦੀ ਗ੍ਰਿਫ਼ਤਾਰੀ ਤੇ ਰੌਲਾ ਪਾਉਣ ਵਾਲੇ ਕਾਂਗਰਸੀ ਆਗੂਆਂ ਨੂੰ ਨਸੀਹਤ ਦਿੰਦਿਆਂ ਯਾਦੂ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਵੱਡੇ-ਵੱਡੇ ਘਪਲੇ ਹੋਏ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ। ਯਾਦੂ ਨੇ ਕਿਹਾ ਕਿ ਸੰਸਦ ਰਵਨੀਤ ਬਿੱਟੂ ਵੱਲੋਂ ਮੁਲਾਜ਼ਮਾਂ ਤੋਂ ਪਛਾਣ ਪੱਤਰ ਮੰਗਦੇ ਸਮੇਂ ਤੇ ਉਨ੍ਹਾਂ ਨੂੰ ਚੋਰ ਸ਼ਬਦ ਨਾਲ ਸੰਬੋਧਨ ਕਰਨਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਖੰਨਾ ਅਨਾਜ ਮੰਡੀ ’ਚ ਆ ਕੇ ਪਤਾ ਕਰਨ ਕਿ ਕਿਵੇਂ ਮੰਤਰੀ ਦੀ ਸ਼ਹਿ ਤੇ ਇੱਕਲੇ ਖੰਨਾ ਮੰਡੀ ’ਚੋਂ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਗਿਆ।