ਸਤਵਿੰਦਰ ਬਸਰਾ
ਲੁਧਿਆਣਾ, 17 ਜੁਲਾਈ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਐਤਵਾਰ ਤੜਕੇ ਤੋਂ ਦੁਪਹਿਰ ਤੱਕ ਪਏ ਮੀਂਹ ਅਤੇ ਦੁਪਹਿਰ ਤੋਂ ਬਾਅਦ ਖਿੜ੍ਹੀ ਤਿੱਖੀ ਧੁੱਪ ਨੇ ਸਥਾਨਕ ਲੋਕਾਂ ਨੂੰ ਔਖੇ ਕਰੀ ਰੱਖਿਆ। ਸਵੇਰ ਸਮੇਂ ਲੋਕ ਮੀਂਹ ਦੇ ਪਾਣੀ ਨਾਲ ਅਤੇ ਦੁਪਹਿਰੋਂ ਬਾਅਦ ਗਰਮੀ ਕਰਕੇ ਮੁੜ੍ਹਕੇ ਨਾਲ ਭਿੱਜੇ ਰਹੇ। ਸਵੇਰੇ ਕਈ ਘੰਟੇ ਪਏ ਭਰਵੇਂ ਮੀਂਹ ਕਾਰਨ ਸ਼ਹਿਰ ਦੀਆਂ ਕਈ ਨੀਵੀਆਂ ਸੜਕਾਂ ’ਤੇ ਪਾਣੀ ਖੜ੍ਹਾ ਹੋਣ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ।
ਸਾਉਣ ਦੀ ਝੜੀ ਅਤੇ ਭਾਦੋਂ ਦੇ ਛਰਾਟੇ ਵਾਲੀ ਕਹਾਵਤ ਇਸ ਵਾਰ ਦੇ ਮੀਂਹਾਂ ਨੇ ਬਦਲ ਕਿ ਰੱਖ ਦਿੱਤੀ ਹੈ। ਇਸ ਵਾਰ ਮੌਨਸੂਨ ਦੇ ਹੁਣ ਤੱਕ ਦੇ ਸੀਜਨ ਵਿੱਚ ਝੜੀ ਦੀ ਥਾਂ ਸਿਰਫ ਛਰਾਟੇ ਹੀ ਪਏ ਹਨ। ਜੁਲਾਈ ਮਹੀਨੇ ਦੇ ਪਹਿਲੇ 15 ਦਿਨਾਂ ਵਿੱਚੋਂ ਇੱਕ ਵਾਰੀ ਵੀ ਪੂਰੇ ਲੁਧਿਆਣਾ ਸ਼ਹਿਰ ਵਿੱਚ ਇੱਕ ਸਾਰ ਮੀਂਹ ਨਹੀਂ ਪਿਆ। ਪਰ ਸ਼ਨਿੱਚਰਵਾਰ ਦੇਰ ਰਾਤ ਤੱਕ ਤੇਜ਼ ਹਨੇਰੀ ਚੱਲਣ ਤੋਂ ਬਾਅਦ ਐਤਵਾਰ ਤੜਕੇ ਮੀਂਹ ਸ਼ੁਰੂ ਹੋ ਗਿਆ। ਇਹ ਮੀਂਹ ਦੁਪਹਿਰ ਕਰੀਬ ਗਿਆਰਾਂ ਕੁ ਵਜੇ ਤੱਕ ਵਰ੍ਹਦਾ ਰਿਹਾ। ਇਸ ਮੀਂਹ ਕਾਰਨ ਲੁਧਿਆਣਾ-ਚੰਡੀਗੜ੍ਹ ਰੋਡ, ਟਰਾਂਸਪੋਰਟ ਨਗਰ, ਫੋਕਲ ਪੁਆਇੰਟ, ਸਮਰਾਲਾ ਚੌਕ, ਭਾਈਵਾਲਾ ਚੌਕ, ਪੁਲੀਸ ਕਮਿਸ਼ਨਰ ਦਫਤਰ, ਫਿਰੋਜ਼ ਗਾਂਧੀ ਮਾਰਕੀਟ, ਢੋਲੇਵਾਲ ਚੌਕ, ਸੈਕਟਰ-39, ਸੈਕਟਰ-39 ਆਦਿ ਨੀਵੀਆਂ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ। ਲੁਧਿਆਣਾ-ਚੰਡੀਗੜ੍ਹ ਰੋਡ ’ਤੇ ਤਾਂ ਸੀਵਰਜ ਓਵਰਫਲੋਅ ਹੋਣ ਕਰਕੇ ਇਸ ਵਿੱਚੋਂ ਨਿਕਲਦਾ ਤੇਜ਼ਾਬੀ ਪਾਣੀ ਕਈ ਘੰਟਿਆਂ ਤੱਕ ਸੜਕਾਂ ਅਤੇ ਗਲੀਆਂ ਵਿੱਚ ਘੁੰਮਦਾ ਰਿਹਾ। ਜਮਾਲਪੁਰ ਚੌਕ ਨੇੜੇ ਪੁਲੀਸ ਕਲੋਨੀ ਵਾਲੀ ਸੜਕ ਉਸਾਰੀ ਅਧੀਨ ਹੋਣ ਕਰਕੇ ਇੱਥੋਂ ਰਾਹਗੀਰਾਂ ਨੂੰ ਲੰਘਣ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੁਪਹਿਰ ਤੋਂ ਬਾਅਦ ਚੜ੍ਹੀ ਤਿੱਖੀ ਧੁੱਪ ਨੇ ਮੀਂਹ ਕਾਰਨ ਘੱਟ ਹੋਏ ਤਾਪਮਾਨ ਨੂੰ ਦੁਬਾਰਾ ਉੱਚਾ ਕਰ ਦਿੱਤਾ। ਸਵੇਰੇ ਮੀਂਹ ਤੇ ਦੁਪਹਿਰ ਨੂੰ ਗਰਮੀ ਤੋਂ ਬਚਣ ਲਈ ਲੋਕ ਸਾਰਾ ਦਿਨ ਛੱਤਰੀਆਂ ਤਾਣ ਕੇ ਘੁੰਮਦੇ ਰਹੇ।