ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 1 ਸਤੰਬਰ
ਸਕੂਲ ਬੱਸ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਵਿਸ਼ਵ ਡਰਾਈਵਰ ਦਿਵਸ ਮੌਕੇ ਚੇਅਰਮੈਨ ਭਰਪੂਰ ਸਿੰਘ ਹਠੂਰ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਆਸ-ਪਾਸ ਦੇ ਇਲਾਕਿਆਂ ਦੇ ਸਕੂਲ ਬੱਸ ਡਰਾਈਵਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਗੁਰੂ ਨਾਨਕ ਪਬਲਿਕ ਸਕੂਲ ਮਾਡਲ ਟਾਊਨ ਪੱਖੋਵਾਲ ਰੋਡ ’ਤੇ ਹੋਏ ਸਮਾਗਮ ਦੌਰਾਨ ਸਕੂਲ ਟਰਾਂਸਪੋਰਟਰ ਭਾਈ ਸੁਖਜਿੰਦਰ ਸਿੰਘ ਜੌੜਾ ਹਾਜ਼ਰ ਹੋਏ। ਇਸ ਮੌਕੇ ਚੇਅਰਮੈਨ ਭਰਪੂਰ ਸਿੰਘ ਹਠੂਰ ਅਤੇ ਸੁਖਜਿੰਦਰ ਸਿੰਘ ਜੌੜਾ ਨੇ ਡਰਾਈਵਰ ਭਾਈਚਾਰੇ ਨੂੰ ਇਸ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਡਰਾਈਵਰ ਭਰਾ ਬਹੁਤ ਜ਼ਿੰਮੇਵਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਸਕੂਲ ਬੱਸ ਡਰਾਈਵਰਾਂ ਦੀ ਸੱਚੀ ਅਤੇ ਸੁੱਚੀ ਕਿਰਤ ਕਰਕੇ ਅੱਜ ਬੱਚੇ ਆਪਣੇ ਘਰਾਂ ਤੋਂ ਦੂਰ ਸਕੂਲਾਂ ਵਿੱਚ ਪਹੁੰਚਾਏ ਜਾ ਰਹੇ ਹਨ। ਉਨ੍ਹਾਂ ਡਰਾਈਵਰ ਭਾਈਚਾਰੇ ਦੀ ਦੇਹ ਅਰੋਗਤਾ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਇਸ ਮੌਕੇ ਗੁਰਪ੍ਰੀਤ ਸਿੰਘ ਬੇਦੀ, ਜਸਵੀਰ ਸਿੰਘ, ਜਤਿੰਦਰ ਸਿੰਘ, ਦਲੇਰ ਸਿੰਘ, ਗੁਰਪ੍ਰੀਤ ਸਿੰਘ ਤੂਰ, ਹਰਜੀਤ ਸਿੰਘ ਕਾਕਾ, ਅਸ਼ੋਕ ਕੁਮਾਰ ਬਿੰਦਰ, ਜਗਰੂਪ ਸਿੰਘ, ਤਰਨਜੀਤ ਸਿੰਘ ਜੰਡੀ ਅਤੇ ਸੋਨੂੰ ਧਮੀਜਾ ਸਮੇਤ ਵੱਡੀ ਗਿਣਤੀ ਵਿੱਚ ਸਕੂਲ ਬੱਸ ਡਰਾਈਵਰ ਹਾਜ਼ਰ ਸਨ।