ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 30 ਅਕਤੂਬਰ
ਜਗਰਾਉਂ ਬਲਾਕ ਸਿੱਖਿਆ ਦਫਤਰ ’ਚ 2017 ’ਚ ਵੱਖ-ਵੱਖ ਤਰੀਕਿਆਂ ਰਾਹੀਂ ਅਧਿਆਪਕਾਂ ਦੇ ਖਾਤੇ ’ਚ ਆਏ ਲੱਖਾਂ ਰੁਪਇਆਂ ਦਾ ਤਿੰਨ ਸਾਲ ਬੀਤਣ ’ਤੇ ਵੀ ਕੋਈ ਖੁਰਾ ਖੋਜ ਨਹੀਂ ਮਿਲਿਆ। ਇਸ ਮਾਮਲੇ ਨੂੰ ਉਜਾਗਰ ਕਰਨ ਵਾਲੀ ਈਜੀਐਸ ਅਧਿਆਪਕਾ ਜਸਪਾਲ ਕੌਰ ਨੂੰ ਹੀ ਵਿਭਾਗ ਵੱਲੋਂ ਨੌਕਰੀ ਤੋਂ ਲਾਂਭੇ ਕਰ ਦਿੱਤਾ ਗਿਆ ਹੈ। ਜਸਪਾਲ ਕੌਰ ਨੇ ਸੀਨੀਅਰ ਟੀਚਰ ਫੋਰਮ ਆਗੂ ਜੋਗਿੰਦਰ ਅਜ਼ਾਦ, ਸੇਵਾਮੁਕਤ ਬੀਪੀਈਓ ਜਰਨੈਲ ਸਿੰਘ, ਡੀਟੀਐਫ ਆਗੂ ਮਨਜਿੰਦਰ ਸਿੰਘ, ਦਵਿੰਦਰ ਸਿੰਘ ਅਤੇ ਹਰਦੇਵ ਸਿੰਘ ਦੀ ਹਾਜ਼ਰੀ ’ਚ ਦੱਸਿਆ ਕਿ 2017 ’ਚ ਉਸ ਦੇ ਆਪਣੇ ਅਤੇ ਪਿਤਾ ਦੇ ਖਾਤੇ ’ਚ ਤਿੰਨ ਚਾਰ ਵਾਰ ਦਫਤਰ ਦੇ ਦਰਜਾ ਚਾਰ ਕਰਮਚਾਰੀ ਇੰਦਰਜੀਤ ਸਿੰਘ ਨੇ ਸੱਤ ਲੱਖ ਰੁਪਏ ਦੇ ਕਰੀਬ ਇਹ ਕਹਿ ਕੇ ਪਵਾਏ ਕਿ ਗਲਤੀ ਨਾਲ ਪੈ ਗਏ। ਜਸਪਾਲ ਕੌਰ ਅਨੁਸਾਰ ਉਸ ਨੇ ਆਪਣੇ ਖਾਤਿਆਂ ’ਚ ਪਏ ਪੈਸੇ ਵਿਭਾਗ ਦੇ ਮੁਲਾਜ਼ਮਾਂ ਦੀ ਹਾਜ਼ਰੀ ’ਚ ਇੰਦਰਜੀਤ ਸਿੰਘ ਨੂੰ ਵਾਪਸ ਵੀ ਕਰ ਦਿੱਤੇ। ਉਸ ਨੂੰ ਬਾਅਦ ਵਿਚ ਪਤਾ ਲੱਗਾ ਕਿ ਇੰਦਰਜੀਤ ਸਿੰਘ ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਵਿਭਾਗ ਦੇ ਆਏ ਵੱਖ-ਵੱਖ ਫੰਡਾਂ ਦੀ ਘਪਲੇਬਾਜ਼ੀ ਕਰਦਾ ਹੈ। ਉਨ੍ਹਾਂ ਕਿਹਾ ਕਿ ਤਰਾਸਦੀ ਇਹ ਹੈ ਕਿ ਵਿਭਾਗ ਦੇ ਉੱਚ ਅਧਿਕਾਰੀ ਚਾਹੁੰਦੇ ਨਹੀਂ ਕਿ ਜਾਂਚ ਹੋਵੇ। ਵਿਭਾਗ ਵੱਲੋਂ ਪਹਿਲਾਂ ਗਠਿਤ ਕੀਤੀ ਜਾਂਚ ਕਮੇਟੀ ਨੇ ਇੰਦਰਜੀਤ ਸਿੰਘ ਦੀ ਬਦਲੀ ਪੀਏਯੂ ਸਕੂਲ ’ਚ ਕਰਕੇ ਜਾਂਚ ਕੀਤੀ ਪਰ ਹੁਣ ਇਹ ਮਾਮਲਾ ਉਠਾਉਣ ਵਾਲੀ ਜਸਪਾਲ ਕੌਰ ਨੂੰ ਬਰਖਾਸਤ ਕਰ ਦਿੱਤਾ ਹੈ। ਉਕਤ ਆਗੂਆਂ ਨੇ ਵਿਭਾਗ ’ਤੇ ਮਾਮਲੇ ਨੂੰ ਤਾਰਪੀਡੋ ਕਰਨ ਦੇ ਦੋਸ਼ ਲਗਾਉਂਦੇ ਹੋਏ ਐਸਐਸਪੀ ਚਰਨਜੀਤ ਸਿੰਘ ਸੋਹਲ ਨੂੰ ਮੁਲਜ਼ਮਾਂ ਖਿਲਾਫ ਦਰਜ ਮਾਮਲੇ ਦਾ ਚਲਾਨ ਪੇਸ਼ ਕਰਨ ਦੀ ਅਪੀਲ ਕੀਤੀ।
ਵਿੱਦਿਅਕ ਸੰਸਥਾ ’ਤੇ ਗਰਾਂਟ ’ਚ ਘਪਲਾ ਕਰਨ ਦੇ ਦੋਸ਼
਼ਸਮਰਾਲਾ (ਡੀਪੀਐਸ ਬਤਰਾ): ਇਥੋਂ ਦੀ ਇੱਕ ਵਿੱਦਿਅਕ ਸੰਸਥਾ ਤੋਂ ਸੇਵਾਮੁਕਤ ਹੋਏ ਅਧਿਆਪਕ ਨੇ ਸੰਸਥਾ ’ਤੇ ਪੰਜ ਲੱਖ ਰੁਪਏ ਦੀ ਗ੍ਰਾਂਟ ਦੇ ਘਪਲੇ ਦੇ ਦੋਸ਼ ਲਗਾਉਂਦੇ ਹੋਏ ਮੁੱਖ ਮੰਤਰੀ ਪਾਸੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਪ੍ਰੈਸ ਕਾਨਫੰਰਸ ਕਰਦੇ ਹੋਏ ਪ੍ਰੋ. ਬਲਜੀਤ ਸਿੰਘ ਬੌਂਦਲੀ ਨੇ ਦੱਸਿਆ ਕਿ ਲੋਕ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਵੱਲੋਂ ਇਸ ਸੰਸਥਾ ਨੂੰ ਸਾਲ 2013 ਦੌਰਾਨ 5 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਸੀ। ਉਨ੍ਹਾਂ ਇਸ ਗਰਾਂਟ ਦੀ ਦੁਰਵਰਤੋਂ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪ੍ਰਿੰਸੀਪਲ ਦੇ ਨਾਂ ’ਤੇ ਆਈ ਇਸ ਗ੍ਰਾਂਟ ਦੀ ਰਕਮ ਨੂੰ ਗਲਤ ਤਰੀਕੇ ਨਾਲ ਪ੍ਰਬੰਧਕੀ ਕਮੇਟੀ ਦੇ ਖਾਤੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਇਸ ਗਰਾਂਟ ਦੀ ਦੁਰਵਰਤੋਂ ਸਬੰਧੀ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਸ਼ਿਕਾਇਤ ਭੇਜੀ। ਦੂਜੇ ਪਾਸੇ ਸੰਸਥਾ ਦੇ ਅਹੁਦੇਦਾਰਾਂ ਨੇ ਉਕਤ ਸਾਰੇ ਦੋਸ਼ਾਂ ਨੂੰ ਝੂਠਾ ਅਤੇ ਸੰਸਥਾ ਨੂੰ ਬਦਨਾਮ ਕਰਨ ਦੀ ਸਾਜਿਸ਼ ਕਰਾਰ ਦਿੱਤਾ।