ਗੁਰਿੰਦਰ ਸਿੰਘ
ਲੁਧਿਆਣਾ, 16 ਅਕਤੂਬਰ
ਕਾਂਗਰਸੀ ਵਰਕਰਾਂ ਨੇ ਅੱਜ ਚੌਕ ਘੰਟਾ ਘਰ ਸਥਿਤ ਭਾਜਪਾ ਦਫ਼ਤਰ ਅੱਗੇ ਮਹਿੰਗਾਈ ਵਿਰੁੱਧ ਨਿਵੇਕਲਾ ਪ੍ਰਦਰਸ਼ਨ ਕੀਤਾ। ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਸਾਬਕਾ ਜਨਰਲ ਸਕੱਤਰ ਪਰਮਿੰਦਰ ਮਹਿਤਾ ਦੀ ਅਗਵਾਈ ਹੇਠ ਵਰਕਰਾਂ ਨੇ ਰੋਜ਼ਾਨਾ ਵਰਤੋਂ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਵਿੱਚ ਹੋ ਰਹੇ ਲਗਾਤਾਰ ਵਾਧੇ ਦੀ ਨਿਖੇਧੀ ਕਰਦਿਆਂ ਸੰਕੇਤਕ ਰੂਪ ਵਿੱਚ ਲੋਕਾਂ ਨੂੰ ਦੀਵਾਲੀ ਤੋਹਫ਼ੇ ਵਜੋਂ ਰੇਤਾ, ਬਜਰੀ, ਦੁੱਧ, ਦਹੀਂ, ਪੈਟਰੋਲ, ਡੀਜ਼ਲ, ਘਿਓ, ਗੈਸ ਸਿਲੰਡਰ, ਸਬਜ਼ੀਆਂ ਅਤੇ ਦਾਲਾਂ ਦੇ ਪੈਕਟ ਭੇਟ ਕੀਤੇ ਗਏ। ਇਸ ਮੌਕੇ ਪਰਮਿੰਦਰ ਮਹਿਤਾ ਨੇ ਕਿਹਾ ਕਿ ਦਿਨ-ਬ-ਦਿਨ ਵਧ ਰਹੀ ਮਹਿੰਗਾਈ ਨੇ ਆਮ ਲੋਕਾਂ ਦਾ ਬਜਟ ਬੁਰੀ ਤਰ੍ਹਾਂ ਵਿਗਾੜ ਦਿੱਤਾ ਹੈ, ਜਿਸ ਮਾਰਨ ਉਹ ਦੁਖੀ ਅਤੇ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਦੀਵਾਲੀ ਦੇ ਮੱਦੇਨਜ਼ਰ ਅਫ਼ਸਰਸ਼ਾਹੀ ਰਾਹੀਂ ਇਹ ਤੋਹਫੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਧਾਨ ਮੰਤਰੀ ਤੱਕ ਵੀ ਪਹੁੰਚਾਏ ਜਾਣਗੇ ਤਾਂ ਜੋ ਕੇਂਦਰ ਤੇ ਸੂਬਾ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਇਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਮਹਿੰਗਾਈ ਖਿਲਾਫ਼ ਇਕਜੁੱਟ ਹੋਕੇ ਜਾਗਰੂਕਤਾ ਮੁਹਿੰਮ ਚਲਾਉਣ ਦੀ ਅਪੀਲ ਕੀਤੀ। ਇਸ ਮੌਕੇ ਸਰਬਜੀਤ ਸਿੰਘ ਬੰਟੀ, ਹੇਮੰਤ ਜੈਨ, ਰਾਜਿੰਦਰ ਸਹੋਤਾ, ਅਸ਼ੋਕ ਕੁਮਾਰ, ਗਗਨ ਉਬਰਾਏ ਤੇ ਹਰਸ਼ ਮਹਿਤਾ ਹਾਜ਼ਰ ਸਨ।