ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 24 ਜਨਵਰੀ
ਹਲਕਾ ਸਮਰਾਲਾ ਦੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਆਮ ਆਦਮੀ ਪਾਰਟੀ ਵੱਲੋਂ ਟਿਕਟ ਨਾ ਮਿਲਣ ਕਾਰਨ ਫਿਲਹਾਲ ਖਾਮੋਸ਼ ਬੈਠੇ ਹਨ ਅਤੇ ਇਲਾਕੇ ਵਿਚ ਚਰਚਾਵਾਂ ਜ਼ੋਰਾਂ ’ਤੇ ਹਨ ਕਿ ਹੁਣ ਖੀਰਨੀਆਂ ਪਰਿਵਾਰ ਕਿਸ ਪਾਰਟੀ ਦੇ ਉਮੀਦਵਾਰ ਦਾ ਸਮਰਥਨ ਕਰਨਗੇ। ਕੱਟੜ ਟਕਸਾਲੀ ਅਕਾਲੀ ਖੀਰਨੀਆਂ ਪਰਿਵਾਰ ਦੇ ਮੋਢੀ ਸਵ. ਜਥੇਦਾਰ ਕ੍ਰਿਪਾਲ ਸਿੰਘ ਖੀਰਨੀਆਂ 4 ਵਾਰ ਵਿਧਾਨ ਸਭਾ ਚੋਣ ਲੜੇ ਅਤੇ ਇੱਕ ਵਾਰ ਉਨ੍ਹਾਂ ਦਾ ਸਪੁੱਤਰ ਜਗਜੀਵਨ ਸਿੰਘ ਖੀਰਨੀਆਂ ਹਲਕਾ ਸਮਰਾਲਾ ਤੋਂ ਵਿਧਾਇਕ ਰਹਿ ਚੁੱਕੇ ਹਨ। ਇਸ ਹਲਕੇ ਵਿਚ ਪਰਿਵਾਰ ਦਾ ਕਾਫ਼ੀ ਆਧਾਰ ਮੰਨਿਆ ਜਾਂਦਾ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਖੀਰਨੀਆਂ ਪਰਿਵਾਰ ਦੀ ਟਿਕਟ ਕੱਟ ਕੇ, ਇੱਥੋਂ ਅਕਾਲੀ ਦਲ ਨੇ ਜਥੇਦਾਰ ਸੰਤਾ ਸਿੰਘ ਉਮੈਦਪੁਰ ਨੂੰ ਚੋਣ ਮੈਦਾਨ ਵਿਚ ਉਤਾਰਿਆ, ਜੋ ਆਪਣੇ ਸਿਆਸੀ ਵਿਰੋਧੀ ਅਮਰੀਕ ਸਿੰਘ ਢਿੱਲੋਂ ਤੋਂ ਜਿੱਤ ਨਾ ਸਕੇ ਅਤੇ ਉਸ ਸਮੇਂ ਵੀ ਖੀਰਨੀਆਂ ਪਰਿਵਾਰ ਨੇ ਟਿਕਟ ਨਾ ਮਿਲਣ ਦੇ ਬਾਵਜੂਦ ਅਕਾਲੀ ਦਲ ਦਾ ਡੱਟ ਕੇ ਸਾਥ ਦਿੱਤਾ ਤਾਂ ਜੋ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਦੁਬਾਰਾ ਅਕਾਲੀ ਦਲ ਦੀ ਟਿਕਟ ਮਿਲ ਜਾਵੇ। ਇਸ ਵਾਰ ਵੀ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੀਰਨੀਆਂ ਨੂੰ ਟਿਕਟ ਦੇਣ ਦੀ ਬਜਾਏ ਨੌਜਵਾਨ ਆਗੂ ਪਰਮਜੀਤ ਸਿੰਘ ਢਿੱਲੋਂ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ, ਜਿਸ ਤੋਂ ਖਫ਼ਾ ਹੋਏ ਖੀਰਨੀਆਂ ਨੇ ‘ਆਪ’ ਦਾ ਝਾੜੂ ਫੜ ਲਿਆ। ਸਾਬਕਾ ਵਿਧਾਇਕ ਖੀਰਨੀਆਂ ਨੂੰ ਪੂਰੀ ਉਮੀਦ ਸੀ ਕਿ ਹਲਕਾ ਸਮਰਾਲਾ ਤੋਂ ‘ਆਪ’ ਉਨ੍ਹਾਂ ਨੂੰ ਟਿਕਟ ਦੇਵੇਗੀ ਅਤੇ ਲੋਕਾਂ ਵਿਚ ਵੀ ਚਰਚਾ ਸੀ ਕਿ ਜੇਕਰ ਇਸ ਵਾਰ ਟਿਕਟ ਖੀਰਨੀਆਂ ਪਰਿਵਾਰ ਨੂੰ ਮਿਲਦੀ ਹੈ ਤਾਂ ਉਹ ਭਾਰੀ ਬਹੁਮਤ ਨਾਲ ਜਿੱਤ ਸਕਦੇ ਹਨ ਪਰ ਆਮ ਆਦਮੀ ਪਾਰਟੀ ਨੇ ਵੀ ਇੱਥੋਂ ਆਪਣੇ ਪੁਰਾਣੇ ਵਰਕਰ ਜਗਤਾਰ ਸਿੰਘ ਦਿਆਲਪੁਰਾ ਨੂੰ ਮੈਦਾਨ ਵਿਚ ਉਤਾਰ ਦਿੱਤਾ। ‘ਆਪ’ ਦੀ ਟਿਕਟ ਨਾ ਮਿਲਣ ਕਾਰਨ ਖੀਰਨੀਆਂ ਪਰਿਵਾਰ ਅਤੇ ਉਨ੍ਹਾਂ ਦੇ ਹਜ਼ਾਰਾਂ ਹੀ ਸਮਰਥਕਾਂ ਨੂੰ ਨਿਰਾਸ਼ਾ ਮਿਲੀ ਅਤੇ ਫਿਲਹਾਲ ਉਨ੍ਹਾਂ ਵਲੋਂ ਆਪਣੇ ਸਮਰਥਕਾਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਸਭ ਦੇ ਅਲੱਗ-ਅਲੱਗ ਸੁਝਾਅ ਸਨ, ਜਿਨ੍ਹਾਂ ’ਚ ਕਈਆਂ ਨੇ ਆਜ਼ਾਦ ਚੋਣ ਲੜਨ ਲਈ ਕਿਹਾ ਅਤੇ ਕੁਝ ਅਕਾਲੀ ਦਲ ਵਿਚ ਵਾਪਸੀ ਦੀ ਵੀ ਗੱਲ ਕਰਦੇ ਰਹੇ।
ਸੁਖਬੀਰ ਬਾਦਲ ਵੱਲੋਂ ਖੀਰਨੀਆਂ ਦੀ ਘਰ ਵਾਪਸੀ ਲਈ ਜ਼ੋਰ ਅਜਮਾਇਸ਼
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਦੀ ਘਰ ਵਾਪਸੀ ਲਈ, ਉਨ੍ਹਾਂ ਨੂੰ ਆਪ ਫੋਨ ਕਰ ਪਰਿਵਾਰ ਨਾਲ ਰਾਬਤਾ ਕਾਇਮ ਕੀਤਾ, ਉਥੇ ਸੀਨੀਅਰ ਆਗੂ ਵੀ ਖੀਰਨੀਆਂ ਪਰਿਵਾਰ ਨੂੰ ਮਨਾਉਣ ’ਚ ਲੱਗੇ ਹਨ। ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵੀ ਖੀਰਨੀਆਂ ਪਰਿਵਾਰ ਨੂੰ ਮਨਾਉਣ ਵਿਚ ਜੁਟੇ ਹੋਏ ਹਨ। ਜੇਕਰ ਸਾਬਕਾ ਵਿਧਾਇਕ ਖੀਰਨੀਆਂ ਆਜ਼ਾਦ ਤੌਰ ’ਤੇ ਚੋਣ ਲੜਦੇ ਹਨ ਤਾਂ ਇਸ ਦਾ ਸਿੱਧਾ ਲਾਭ ਕਾਂਗਰਸ ਉਮੀਦਵਾਰ ਨੂੰ ਹੋਵੇਗਾ, ਇਸ ਲਈ ਖੀਰਨੀਆਂ ਪਰਿਵਾਰ ਜੋ ਵੀ ਸਿਆਸੀ ਰਣਨੀਤੀ ਅਪਣਾਏਗਾ ਉਹ ਹਲਕਾ ਸਮਰਾਲਾ ਲਈ ਬੜੀ ਅਹਿਮ ਹੋਵੇਗੀ।