ਪੱਤਰ ਪ੍ਰੇਰਕ
ਮਾਛੀਵਾੜਾ, 8 ਮਾਰਚ
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ ਝਾੜ ਸਾਹਿਬ ਵਿੱਚ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਹੋਮ ਸਾਇੰਸ ਵਿਭਾਗ ਵੱਲੋਂ ਭੋਜਨ ਦੀ ਗੁਣਵੱਤਾ ਅਤੇ ਭੋਜਨ ਭੰਡਾਰਨ ਲਈ ਔਰਤਾਂ ਦੀ ਭੂਮਿਕਾ ਵਿਸ਼ੇ ’ਤੇ ਡਾ. ਕਿਰਨ ਗਰੋਵਰ, ਫੂਡ ਐਂਡ ਨਿਊਟ੍ਰੀਸ਼ਨ ਪੀਏਯੂ ਲੁਧਿਆਣਾ ਦਾ ਲੈਕਚਰ ਕਰਵਾਇਆ ਗਿਆ। ਉਨ੍ਹਾਂ ਵੱਲੋਂ ਭੋਜਨ ਪਦਾਰਥਾਂ ਦੀ ਸਹੀ ਸੰਭਾਲ ਅਤੇ ਗੁਣਵੱਤਾ ਵਧਾਉਣ ਸਬੰਧੀ ਆਪਣੇ ਭਾਸ਼ਣ ਵਿਚ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਕਾਲਜ ਪਹੁੰਚਣ ’ਤੇ ਮੁੱਖ ਵਕਤਾ ਦਾ ਕਾਲਜ ਪ੍ਰਿੰਸੀਪਲ ਡਾ. ਰਾਜਿੰਦਰ ਕੌਰ ਅਤੇ ਹੋਮ ਸਾਇੰਸ ਵਿਭਾਗ ਦੇ ਮੁਖੀ ਡਾ. ਰਣਜੀਤ ਕੌਰ ਵਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਪਿੰਡ ਮਾਨੂੰਪੁਰ ਦੇ ਕਮਿਊਨਿਟੀ ਹੈਲਥ ਸੈਂਟਰ ’ਚ ਸੀਨੀਅਰ ਮੈਡੀਕਲ ਅਫ਼ਸਰ ਡਾ. ਰਵੀ ਦੱਤ ਦੀ ਅਗਵਾਈ ਹੇਠਾਂ ਵਿਸ਼ਵ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਸੋਬਿਤ ਕੁਮਾਰ ਨੇ ਕਿਹਾ ਕਿ ਔਰਤ ਤੋਂ ਬਿਨਾਂ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਉਥੇ ਹੀ ਕਿਸ਼ੋਰੀ ਲਾਲ ਜੇਠੀ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੰਡੋਸਿੰਡ ਬੈਂਕ ਦੇ ਸਹਿਯੋਗ ਨਾਲ ਕੇਕ ਕੱਟ ਕੇ ਕੌਮਾਂਤਰੀ ਮਹਿਲਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਜਿਥੇ ਸਕੂਲ ਮੁਖੀ ਸੰਜੀਵ ਟੰਡਨ ਨੇ ਮਹਿਲਾਵਾਂ ਨੂੰ ਵਧਾਈ ਦਿੱਤੀ, ਉੱਥੇ ਹੀ ਬੈਂਕ ਮੈਨੇਜਰ ਕੁਲਵੰਤ ਸਿੰਘ ਨੇ ਮਹਿਲਾ ਦਿਵਸ ਦੀ ਮਹੱਤਤਾ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ।
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਵਿੱਚ ਅੱਜ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ। ਕਾਲਜ ਪ੍ਰਬੰਧਕਾਂ ਤੇ ਵਿਦਿਆਰਥਣਾਂ ਵੱਲੋਂ ਇਹ ਸਮਾਗਮ ਕਿਸਾਨੀ ਮੋਰਚੇ ’ਚ ਹਿੱਸਾ ਲੈ ਰਹੀਆਂ ਔਰਤਾਂ ਦੇ ਬੁਲੰਦ ਹੌਸਲੇ ਨੂੰ ਸਮਰਪਿਤ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਐਡਵੋਕੇਟ ਇੰਦਰਜੀਤ ਕੌਰ ਨੇ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਨੇ ਰਸਮੀ ਤੌਰ ’ਤੇ ਜੀ ਆਇਆਂ ਕਿਹਾ ਅਤੇ ਉਨ੍ਹਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰੋ. ਇੰਦਰਜੀਤ ਕੌਰ ਨੇ ਔਰਤ ਦੇ ਸਨਮੁਖ ਚੁਣੌਤੀਆਂ ਅਤੇ ਪ੍ਰਾਪਤੀਆਂ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਭਾਰਤੀ ਔਰਤ ਨੂੰ ਮਿਲਣ ਵਾਲੇ ਕਾਨੂੰਨੀ ਅਧਿਕਾਰਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਔਰਤ ਕਾਨੂੰਨੀ ਅਧਿਕਾਰਾਂ ਦੇ ਬਾਵਜੂਦ ਸਰੀਰਕ ਅਤੇ ਮਾਨਸਿਕ ਤੌਰ ’ਤੇ ਸੁਤੰਤਰ ਨਹੀਂ ਹੈ। ਡਾ. ਸਰਬਜੀਤ ਕੌਰ ਨੇ ਨਾਰੀ ਸਸ਼ਕਤੀਕਰਨ, ਡਾ. ਇਕਬਾਲਜੀਤ ਕੌਰ ਗਰੇਵਾਲ ਨੇ ਮੌਜੂਦਾ ਸਮੇਂ ’ਚ ਚੱਲ ਰਹੇ ਕਿਸਾਨੀ ਅੰਦੋਲਨ ’ਚ ਕਿਸਾਨੀ ਹੱਕਾਂ ਲਈ ਔਰਤ ਦੀ ਸਰਗਰਮ ਭੂਮਿਕਾ, ਪ੍ਰੋ. ਗਗਨਦੀਪ ਧਾਰਨੀ ਨੇ ਨਾਰੀਵਾਦ, ਪ੍ਰੋ. ਪਰਮਦੀਪ ਸਿੰਘ ਨੇ ਔਰਤ-ਮਰਦ ਦੀ ਸਮਾਜਿਕ ਸਮਾਨਤਾ ਸਬੰਧੀ ਵਿਚਾਰ ਪ੍ਰਗਟਾਏ। ਇਸ ਮੌਕੇ ਵਿਦਿਆਰਥਣਾਂ ’ਚੋਂ ਜਸਵਿੰਦਰ ਕੌਰ ਨੇ ਕਵਿਤਾ ਅਤੇ ਅਰਸ਼ਦੀਪ ਕੌਰ ਨੇ ਭਾਸ਼ਣ ਰਾਹੀਂ ਔਰਤ ਨੂੰ ਸੁਰੱਖਿਅਤ ਕਰਨ ਸਬੰਧੀ ਭਾਵ ਪੇਸ਼ ਕੀਤੇ।
ਲੁਧਿਆਣਾ ਦੇ ਹਲਕਾ ਪੂਰਬੀ ’ਚ ਔਰਤਾਂ ਦਾ ਸਨਮਾਨ
ਲੁਧਿਆਣਾ (ਖੇਤਰੀ ਪ੍ਰਤੀਨਿਧ): ਹਲਕਾ ਪੂਰਬੀ ਵਿਚ ਕੌਂਸਲਰ ਬਲਵਿੰਦਰ ਕੌਰ ਗਰੇਵਾਲ ਅਤੇ ਦਲਜੀਤ ਸਿੰਘ ਭੋਲਾ ਗਰੇਵਾਲ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ, ਜਿਸ ਵਿਚ ਇਲਾਕੇ ਦੀਆਂ ਔਰਤਾਂ ਦਾ ਸਨਮਾਨ ਕੀਤਾ ਗਿਆ। ਭੋਲਾ ਗਰੇਵਾਲ ਨੇ ਕਿਹਾ ਕਿ ਔਰਤ ਸਾਡੇ ਸਮਾਜ ਦੀ ਸਿਰਜਨਹਾਰ ਹੈ। ਔਰਤ ਨੇ ਆਪਣੀ ਮਿਹਨਤ ਦੇ ਬਲਬੁੱਤੇ ਨਾਲ ਜ਼ਿੰਦਗੀ ਦੇ ਹਰ ਖੇਤਰ ਵਿਚ ਵੱਡੀਆਂ ਪੁਲਾਂਘਾ ਪੁੱਟੀਆਂ ਹਨ ਅਤੇ ਅੱਜ ਔਰਤ, ਮਰਦ ਤੋਂ ਵੀ ਅੱਗੇ ਹੋ ਕਿ ਸਮਾਜ ਨੂੰ ਤਰੱਕੀ ਦਾ ਰਾਹ ਦਿਖਾ ਰਹੀ ਹੈ। ਸਮਾਜ ਦੀ ਸੋਚ ਹੈ ਕਿ ਔਰਤ ਦਾ ਘਰ ਹੀ ਨਹੀਂ ਹੁੰਦਾ ਪਰ ਅਸਲ ਵਿਚ ਔਰਤ ਤੋਂ ਬਗੈਰ ਕੋਈ ਘਰ ਹੀ ਘਰ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਚੰਗੇ ਸਮਾਜ ਲਈ ਔਰਤਾਂ ਦਾ ਸਨਮਾਨ ਕਰਨਾ ਸਮੇਂ ਦੀ ਮੁੱਖ ਲੋੜ ਬਣ ਗਈ ਹੈ।