ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 21 ਸਤੰਬਰ
ਵਣ ਵਿਭਾਗ ਜਗਰਾਉਂ ਰੇਂਜ ਦੇ ਮੁਲਾਜ਼ਮ ਪਿਛਲੇ ਛੇ ਮਹੀਨਿਆਂ ਦੀ ਰੁਕੀ ਤਨਖ਼ਾਹ ਨਾ ਮਿਲਣ ਕਾਰਨ ਹੜਤਾਲ ’ਤੇ ਸਨ, ਪਰ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਯਤਨ ਕਰ ਕੇ ਇਨ੍ਹਾਂ ਦੀ ਤਨਖ਼ਾਹ ਜਾਰੀ ਕਰਵਾਈ ਜਿਸ ਮਗਰੋਂ ਮੁਲਾਜ਼ਮਾਂ ਨੇ ਹੜਤਾਲ ਖ਼ਤਮ ਕਰ ਦਿੱਤੀ।
ਅੱਜ ਵਣ ਵਿਭਾਗ ਦੇ ਦਫ਼ਤਰ ਅੱਗੇ ਚੱਲ ਰਹੇ ਧਰਨੇ ’ਚ ਵਿਧਾਇਕਾ ਮਾਣੂੰਕੇ ਪਹੁੰਚੇ ਅਤੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। ਵਣ ਵਿਭਾਗ ਜਗਰਾਉਂ ਰੇਂਜ ਦੇ ਮੁਲਾਜ਼ਮਾਂ ਦਾ ਪੱਖ ਜਾਣਨ ਉਪਰੰਤ ਉਨ੍ਹਾਂ ਵਣ ਅਫ਼ਸਰ ਅਜੀਤ ਸਿੰਘ ਨਾਲ ਗੱਲਬਾਤ ਕੀਤੀ ਅਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਕੋਲ ਮਾਮਲਾ ਚੁੱਕ ਕੇ ਵਣ ਰੇਂਜ ਜਗਰਾਉਂ ਦੇ ਮੁਲਾਜ਼ਮਾਂ ਦੀ ਰੁਕੀ ਹੋਈ ਤਨਖ਼ਾਹ ਜਾਰੀ ਕਰਵਾ ਦਿੱਤੀ। ਧਰਨਾਕਾਰੀ ਉਦੋਂ ਤੱਕ ਧਰਨੇ ‘ਤੇ ਡਟੇ ਰਹੇ ਜਦੋਂ ਤੱਕ ਉਨ੍ਹਾਂ ਦੇ ਮੋਬਾਈਲਾਂ ’ਚ ਤਨਖ਼ਾਹ ਪੈਣ ਦੇ ਮੈਸੇਜ ਨਹੀਂ ਆਏ। ਜਿਵੇਂ ਹੀ ਸਾਰਿਆਂ ਨੂੰ ਤਨਖ਼ਾਹਾਂ ਪੈਣ ਦੇ ਸੁਨੇਹੇ ਮਿਲੇ ਤਾਂ ਧਰਨਾ ਚੁੱਕ ਲਿਆ ਗਿਆ ਤੇ ਵਿਧਾਇਕਾ ਮਾਣੂੰਕੇ ਸਮੇਤ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ। ਜੰਗਲਾਤ ਵਰਕਰਜ਼ ਯੂਨੀਅਨ ਨੇ ਪ੍ਰਧਾਨ ਸੁਰਜੀਤ ਸਿੰਘ ਦੀ ਅਗਵਾਈ ਵਿਧਾਇਕਾ ਹੱਕ ’ਚ ਨਾਅਰੇ ਵੀ ਲੱਗੇ। ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਕੁਝ ਤਕਨੀਕੀ ਕਾਰਨਾਂ ਕਰਕੇ ਵਣ ਵਿਭਾਗ ਦੇ ਮੁਲਾਜ਼ਮਾਂ ਦੀ ਤਨਖ਼ਾਹ ਰੁਕੀ ਹੋਈ ਸੀ ਜੋ ਜਾਰੀ ਕਰ ਦਿੱਤੀ ਗਈ ਹੈ ਅਤੇ ਬਾਕੀ ਰਹਿੰਦੀਆਂ ਮੰਗਾਂ ਉੱਪਰ ਵੀ ਵਿਚਾਰ-ਚਰਚਾ ਕਰਕੇ ਮਹਿਕਮੇ ਪਾਸੋਂ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੱਚੇ ਕਾਮਿਆਂ ਨੂੰ ਪੱਕਾ ਕਰਨ ਲਈ ਵਿਚਾਰ ਕਰ ਰਹੀ ਹੈ ਅਤੇ ਵਣ ਵਿਭਾਗ ਦੇ ਕਾਮਿਆਂ ਦਾ ਵੀ ਡਾਟਾ ਇਕੱਤਰ ਕਰ ਕੇ ਪੰਜਾਬ ਸਰਕਾਰ ਦੇ ਧਿਆਨ ’ਚ ਲਿਆਂਦਾ ਜਾਵੇਗਾ। ਇਸ ਮੌਕੇ ਅਮਰਦੀਪ ਸਿੰਘ ਟੂਰੇ, ਲਛਮਣ ਸਿੰਘ, ਅਜਮੇਰ ਸਿੰਘ, ਲਖਵੀਰ ਸਿੰਘ, ਭਗਵੰਤ ਸਿੰਘ, ਪ੍ਰੀਤਮ ਸਿੰਘ ਤੇ ਜਗਤਾਰ ਸਿੰਘ ਮੌਜੂਦ ਸਨ।