ਗਗਨਦੀਪ ਅਰੋੜਾ
ਲੁਧਿਆਣਾ, 25 ਫਰਵਰੀ
ਰੂਸ ਤੇ ਯੂਕਰੇਨ ਵਿਚਾਲੇ ਛਿੜੀ ਜੰਗ ਨਾਲ ਪੰਜਾਬ ਦੀਆਂ ਸਨੱਅਤਾਂ ’ਤੇ ਸੰਕਟ ਦਿਖਣ ਲੱਗ ਗਿਆ ਹੈ। ਐਕਸਪੋਟਰ ਇਸ ਜੰਗ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ, ਉਥੋਂ ਆਰਡਰਾਂ ’ਤੇ ਰੋਕ ਲਗ ਗਈ ਹੈ ਤੇ 500 ਕਰੋੜ ਰੁਪਏ ਦੇ ਕਰੀਬ ਪੇਮੈਂਟਾਂ ਵੀ ਫਿਲਹਾਲ ਫਸ ਗਈਆਂ ਹਨ। ਸਨਅਤਕਾਰਾਂ ਦੀ ਮੰਨੀਏ ਤਾਂ ਕਾਰੋਬਾਰ ’ਤੇ ਹੀ ਬਰੇਕ ਹਾਲੇ ਜਦੋਂ ਤੱਕ ਉਥੋਂ ਦੇ ਹਾਲਾਤ ਠੀਕ ਨਹੀਂ ਹੋ ਜਾਂਦੇ, ਉਦੋਂ ਤੱਕ ਲੱਗੀ ਰਹੇਗੀ। ਅਗਰ ਜੰਗ ਜਾਰੀ ਰਹਿੰਦੀ ਹੈ ਤਾਂ ਉਥੋਂ ਹਾਲਾਤ ਆਮ ਹੋਣ ਨੂੰ ਕਾਫ਼ੀ ਲੰਮਾ ਸਮਾਂ ਲੱਗ ਜਾਏਗਾ। ਸੂਬੇ ਦੀਆਂ ਸਨੱਅਤਾਂ ਯੂਕਰੇਨ ਨੂੰ ਚੌਲ, ਇਲੈਕਟ੍ਰੀਕਲ ਗੁੱਡਜ਼, ਆਟੋ ਪਾਰਟਸ, ਟਰੈਕਟਰ, ਟਰੈਕਟਰ ਪਾਰਟਸ, ਹੈਂਡ ਟੂਲਸ, ਹਾਰਡਵੇਅਰ, ਟਾਇਰ-ਟਿਊਬ, ਦਵਾਈਆਂ, ਸਪੋਰਟਸ ਦਾ ਸਾਮਾਨ, ਸਰਜ਼ੀਕਲ ਪ੍ਰੋਡਕਟਸ, ਟੈਕਸਟਾਈਲ ਤੇ ਹੌਜ਼ਰੀ ਦਾ ਸਾਮਾਨ ਐਕਸਪੋਰਟ ਕਰਦੀਆਂ ਹਨ, ਇਸਦੇ ਨਾਲ ਹੀ ਰੂਸ ਨੂੰ ਵੀ ਚੌਲ, ਟਾਇਰ-ਟਿਊਬ, ਕੈਮੀਕਲ, ਪ੍ਰਿੰਟਿੰਗ- ਸਟੇਸ਼ਨਰੀ ਗੁਡਸ, ਬੇਕਰੀ ਦਾ ਸਾਮਾਨ, ਦਵਾਈਆਂ, ਹਾਰਡ ਵੇਅਰ, ਟੈਕਸਟਾਈਲ ਤੇ ਹੌਜ਼ਰੀ ਗੁਡਸ, ਸਿਲਾਈ, ਮਸ਼ੀਨ, ਇਲੈਕਟ੍ਰੀਕਲ ਸਾਮਾਨ ਐਕਸਪੋਰਟ ਕੀਤਾ ਜਾ ਰਿਹਾ ਹੈ।
ਹੁਣ ਸਨਅਤਕਾਰ ਇਸ ਗੱਲ ਨੂੰ ਲੈ ਕੇ ਚਿੰਤਾ ਵਿੱਚ ਹਨ ਕਿ ਅਗਰ ਇਹ ਜੰਗ ਜ਼ਿਆਦਾ ਦੇਰ ਚੱਲਦੀ ਰਹੀ ਤਾਂ ਸਨਅਤਾਂ ’ਤੇ ਸਭ ਤੋਂ ਵੱਧ ਨੁਕਸਾਨ ਹੋਵੇਗਾ। ਸੀਆਈਸੀਯੂ ਦੇ ਪ੍ਰਧਾਨ ਉਂਕਾਰ ਸਿੰਘ ਆਹੂਜਾ ਦਾ ਕਹਿਣਾ ਹੈ ਕਿ ਐਕਸਪੋਰਟਰ ਦੇ ਕਰੀਬ 500 ਕਰੋੜ ਰੁਪਏ ਰੂਸ ਤੇ ਯੂਕਰੇਨ ਵਿੱਚ ਫਸੇ ਹੋਏ ਹਨ। ਉਨ੍ਹਾਂ ਦੱਸਿਆ ਕਿ ਰੂਸ ਤੇ ਯੂਕਰੇਨ ਦੋਵਾਂ ਦੇ ਨਾਲ ਕਾਫ਼ੀ ਵਪਾਰ ਹੁੰਦਾ ਹੈ, ਭਾਰਤ ਨਾਲ ਵਪਾਰ ਦੇ ਮਾਮਲੇ ’ਚ ਯੂਕਰੇਨ 5ਵੇਂ ਨੰਬਰ ’ਤੇ ਹੈ। ਉਨ੍ਹਾਂ ਕਿਹਾ ਕਿ ਇਸਦੇ ਨਾਲ ਇਹ ਵੀ ਚਿੰਤਾ ਹੈ ਕਿ ਜੰਗ ਜੇਕਰ ਕੁਝ ਦਿਨਾਂ ’ਚ ਖਤਮ ਹੋ ਗਿਆ ਤਾਂ ਵੀ ਹਾਲਾਤ ਆਮ ਹੋਣ ਨੂੰ ਕਈ ਮਹੀਨਿਆਂ ਦਾ ਸਮਾਂ ਲੱਗ ਜਾਵੇਗਾ। ਫਿਰ ਅੰਤਰ ਰਾਸ਼ਟਰੀ ਪਾਬੰਦੀ ਦਾ ਦੌਰ ਸ਼ੁਰੂ ਹੋਵੇਗਾ ਤੇ ਇਸ ਨਾਲ ਵਪਾਰ ਹੋਰ ਪ੍ਰਭਾਵਿਤ ਹੋਵੇਗਾ, ਕਿਉਂਕਿ ਨਿਰਯਾਤ ਦੀ ਅਦਾਇਗੀ ਯੂਐੱਸ ਡਾਲਰ ਜਾਂ ਯੂਰੋ ’ਚ ਹੁੰਦੀ ਹੈ। ਪਾਬੰਦੀ ਲੱਗਦੇ ਹੀ ਸਾਰੀਆਂ ਅਦਾਇਗੀਆਂ ਪ੍ਰਭਾਵਿਤ ਹੋਣਗੀਆਂ। ਆਲ ਇੰਡਸਟਰੀ ਅਤੇ ਟਰੇਡ ਫੋਰਮ ਦੇ ਪ੍ਰਧਾਨ ਬਦੀਸ਼ ਜਿੰਦਲ ਦਾ ਕਹਿਣਾ ਹੈ ਕਿ ਇਸ ਜੰਗ ਦਾ ਅਸਰ ਸੂਬੇ ਦੀਆਂ ਸਨਅਤਾਂ ’ਤੇ ਪੈ ਰਿਹਾ ਹੈ, ਉਨ੍ਹਾਂ ਨੇ ਇਸ ਮਾਮਲੇ ਦੇ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ ਤਾਂ ਕਿ ਭਾਰਤੀ ਕੰਪਨੀਆਂ ਤੇ ਸਨਅਤਾਂ ਨੂੰ ਆਰਥਿਕ ਨੁਕਸਾਨ ਤੋਂ ਬਚਾਇਆ ਜਾ ਸਕੇ।