ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 7 ਮਾਰਚ
‘ਸ਼ਬਦ-ਅਦਬ’ ਸਾਹਿਤ ਸਭਾ ਮਾਣੂੰਕੇ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਦੀ ਮਹੀਨਵਾਰ ਇਕੱਤਰਤਾ ਰਾਜ ਕੁਮਾਰ ਗੋਇਲ ਯਾਦਗਾਰੀ ਲਾਇਬ੍ਰੇਰੀ ਮਾਣੂੰਕੇ ਦੇ ਹਾਲ ਵਿਚ ਸਭਾ ਦੇ ਪ੍ਰਧਾਨ ਰਛਪਾਲ ਸਿੰਘ ਚਕਰ ਅਤੇ ਸਾਧੂ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਮੌਕੇ ਰੂਸ-ਯੂਕਰੇਨ ਵਿਚ ਮਾਰੇ ਗਏ ਲੋਕਾਂ ਅਤੇ ਦੀਪ ਸਿੱਧੂ ਦੀ ਮੌਤ ’ਤੇ ਦੁੱਖ ਜ਼ਾਹਿਰ ਕਰਦਿਆਂ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਰੂਸ ਵੱਲੋਂ ਕੀਤੇ ਹਮਲੇ ਦੀ ਨਿਖੇਧੀ ਕੀਤੀ ਗਈ। ਇਸ ਉਪਰੰਤ ਸਮੂਹ ਅਦੀਬਾਂ ਨੇ ਆਪਣੀ ਰਚਨਾਵਾਂ ਦੀ ਪੇਸ਼ਕਾਰੀ ਕੀਤੀ। ਸ਼ਾਇਰਾ ਕੁਲਦੀਪ ਕੌਰ ਰੰਧਾਵਾ ਨੇ ‘ਉਦੋਂ ਮਾਪੇ ਕਹਿੰਦੇ ਧੀਏ ਜੰਮਦੀ ਮਰ ਜਾਂਦੀ’ ਗੀਤ, ਮਹਿੰਦਰ ਸਿੰਘ ਸੰਧੂ ਨੇ ਮਿਨੀ ਕਹਾਣੀ, ਮਨੀ ਹਠੂਰ ਨੇ ਗੀਤ ਹੌਸਲਾ ਤੂੰ ਰੱਖ ਦਿਲਾ ਮੇਰਿਆ, ਜਸਵਿੰਦਰ ਸਿੰਘ ਛਿੰਦਾ ਨੇ ਸ਼ੇਅਰ, ਪ੍ਰਿੰ. ਬਲਵੰਤ ਸਿੰਘ ਸੰਧੂ, ਜਗਤਾਰ ਸਿੰਘ ਕਲਸੀ, ਅਵਤਾਰ ਸਿੰਘ, ਗੁਰਜਿੰਦਰ ਸਿੰਘ ਬਿੱਟੂ, ਜਗਰਾਜ ਸਿੰਘ ਰਾਜਾ, ਸਰਦੂਲ ਸਿੰਘ ਲੱਖਾ ਨੇ ਵੀ ਮਾਂ ਬੋਲੀ ਨੂੰ ਲੈ ਕੇ ਵਿਚਾਰਾਂ ਦੀ ਸਾਂਝ ਪਾਈ। ਰਾਜ ਕੁਮਾਰ ਗੋਇਲ ਮੈਮੋਰੀਅਲ ਟਰੱਸਟ ਦੇ ਜੀਵਨ ਕੁਮਾਰ ਗੋਲਡੀ ਨੇ ਟਰੱਸਟ ਵਲੋਂ ਚਲਾਏ ਜਾ ਰਹੇ ਸਿਲਾਈ ਸੈਂਟਰਾਂ ਬਾਰੇ ਦੱਸਿਆ। ਉਨ੍ਹਾਂ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਲਈ ਸਕੂਲੀ ਬੱਚਿਆਂ ਦੇ ਡਰਾਇੰਗ ਤੇ ਲੇਖ ਮੁਕਾਬਲੇ ਵੀ ਜਲਦੀ ਕਰਵਾਏ ਜਾਣ ਬਾਰੇ ਅਦੀਬਾਂ ਤੋਂ ਰਾਏ ਮੰਗੀ। ਆਖ਼ਿਰ ਵਿਚ ਪ੍ਰਧਾਨ ਰਛਪਾਲ ਸਿੰਘ ਚਕਰ ਨੇ ਉਸਾਰੂ ਵਿਚਾਰਾਂ ਦੀ ਸਾਂਝ ਪਾਉਣ ਲਈ ਅਦੀਬਾਂ ਦਾ ਧੰਨਵਾਦ ਕੀਤਾ।