ਲੁਧਿਆਣਾ: ਪਿੰਡ ਜੰਡਾਲੀ ਕਲਾਂ ਦੇ ਸਾਬਕਾ ਸਰਪੰਚ ਅਤੇ ਮੌਜੂਦਾ ਸਮੇਂ ਕੈਨੇਡਾ ਵਾਸੀ ਹਰਬੰਸ ਸਿੰਘ ਜੰਡਾਲੀ ਕਲਾਂ ਦੀ ਧੀ ਰੂਬੀ ਸਹੋਤਾ ਦੇ ਕੈਨੇਡਾ ਵਿੱਚ ਤੀਜੀ ਵਾਰ ਐੱਮਪੀ ਬਣਨ ’ਤੇ ਪਿੰਡ ਵਾਸੀਆਂ ਨੇ ਖੁਸ਼ੀ ਵਿੱਚ ਲੱਡੂ ਵੰਡੇ। ਪਿੰਡ ਦੇ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿੰਡ ਦੀ ਧੀ ਨੇ ਸੰਸਾਰ ਪੱਧਰ ’ਤੇ ਉਨ੍ਹਾਂ ਦੇ ਪਿੰਡ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਇਸ ਜਿੱਤ ਦੀ ਖੁਸ਼ੀ ਵਿੱਚ ਪਿੰਡ ਦੇ ਨਾਲ ਨਾਲ ਲਹਿਰਾ ਟੌਲ ਪਲਾਜ਼ਾ ’ਤੇ ਕਿਸਾਨਾਂ ਦੇ ਹੱਕ ਵਿੱਚ ਲੱਗੇ ਰੋਸ ਧਰਨੇ ਦੌਰਾਨ ਵੀ ਲੱਡੂ ਵੰਡੇ ਗਏ। ਇਸ ਮੌਕੇ ਨਿਰਮਲ ਸਿੰਘ ਜੰਡਾਲੀ ਖੁਰਦ, ਸ਼ੇਰ ਸਿੰਘ, ਹਰਬੰਸ ਸਿੰਘ ਮਾਣਕੀ, ਹਰਿੰਦਰ ਸਿੰਘ, ਅਵਤਾਰ ਸਿੰਘ ਅਤੇ ਡਾ. ਪਰਮਜੀਤ ਸਿੰਘ ਨੇ ਰੂਬੀ ਸਹੋਤਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ। -ਖੇਤਰੀ ਪ੍ਰਤੀਨਿਧ