ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 7 ਫਰਵਰੀ
ਕਰੋਨਾ ਕਰ ਕੇ ਬੰਦ ਪਏ ਸਕੂਲਾਂ ਨੂੰ ਖੁੱਲ੍ਹਵਾਉਣ ਖ਼ਾਤਰ ਅੱਜ ਜਗਰਾਉਂ ’ਚ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ’ਤੇ ਚੱਕਾ ਜਾਮ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 12 ਤੋਂ 2 ਵਜੇ ਤੱਕ ਇਸ ਚੱਕਾ ਜਾਮ ਕਾਰਨ ਆਵਾਜਾਈ ’ਚ ਵਿਘਨ ਪਿਆ ਅਤੇ ਟ੍ਰੈਫਿਕ ਪੁਲੀਸ ਨੂੰ ਬਦਲਵੇਂ ਪ੍ਰਬੰਧ ਕਰਨੇ ਪਏ। ਜਗਰਾਉਂ ’ਚ ਕੌਮੀ ਸ਼ਾਹਰਾਹ ’ਤੇ ਧਰਨੇ ਤੋਂ ਇਲਾਵਾ ਜਗਰਾਉਂ-ਜਲੰਧਰ ਮੁੱਖ ਮਾਰਗ ’ਤੇ ਕਸਬਾ ਸਿੱਧਵਾਂ ਬੇਟ ਵਿਚ ਵੀ ਇਹ ਧਰਨਾ ਲੱਗਿਆ। ਧਰਨਾਕਾਰੀ ਕਿਸਾਨਾਂ ਤੇ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਦਬਾਅ ਕਰ ਕੇ ਪ੍ਰਾਇਮਰੀ ਜਮਾਤ ਤੋਂ ਉੱਪਰਲੀਆਂ ਕਲਾਸਾਂ ਲਈ ਸਕੂਲ ਖੋਲ੍ਹਣ ਦਾ ਸਰਕਾਰ ਨੇ ਫ਼ੈਸਲਾ ਲਿਆ ਪਰ ਦੇਰ ਸ਼ਾਮ ਸਰਕਾਰ ਫਿਰ ਪਲਟ ਗਈ। ਸਾਰੀਆਂ ਜਮਾਤਾਂ ਦੇ ਸਕੂਲ ਖੋਲ੍ਹਣ ਦੀ ਮੰਗ ਕਰਦਿਆਂ ਭਲਕ ਬੱਚਿਆਂ ਸਕੂਲ ਛੱਡਣ ਦਾ ਪ੍ਰੋਗਰਾਮ ਉਲੀਕਿਆ ਗਿਆ।
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪੇਂਡੂ ਮਜ਼ਦੂਰ ਯੂਨੀਅਨ ਤੇ ਹੋਰ ਭਰਾਰਤੀ ਜਥੇਬੰਦੀਆਂ ਨਾਲ ਮਿਲ ਕੇ ਦਿੱਤੇ ਧਰਨੇ ’ਚ ਮਤਾ ਪਾਸ ਕੀਤਾ ਗਿਆ ਕਿ ਭਲਕੇ ਵੱਖ-ਵੱਖ ਪਿੰਡਾਂ ’ਚੋਂ ਕਿਸਾਨ ਵਿਦਿਆਰਥੀਆਂ ਨੂੰ ਲੈ ਕੇ ਸਕੂਲ ਪਹੁੰਚਣਗੇ ਤੇ ਅਧਿਆਪਕਾਂ ਨੂੰ ਪੜ੍ਹਾਈ ਕਰਵਾਉਣ ਲਈ ਕਹਿਣਗੇ। ਜੇ ਪ੍ਰਸ਼ਾਸਨ ਨੇ ਇਸ ਕਦਮ ’ਚ ਅੜਿੱਕੇ ਡਾਹੇ ਤਾਂ ਵਿਰੋਧ ਕੀਤਾ ਜਾਵੇਗਾ ਤੇ ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਨ੍ਹਾਂ ਧਰਨਿਆਂ ’ਚ ਔਰਤਾਂ ਨੇ ਵੀ ਭਰਵੀਂ ਗਿਣਤੀ ’ਚ ਸ਼ਮੂਲੀਅਤ ਕੀਤੀ। ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਨੇ ਵੀ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਕੰਵਲਜੀਤ ਖੰਨਾ, ਅਵਤਾਰ ਸਿੰਘ ਰਸੂਲਪੁਰ, ਜਗਤਾਰ ਸਿੰਘ ਦੇਹੜਕਾ, ਇੰਦਰਜੀਤ ਧਾਲੀਵਾਲ, ਗੁਰਮੇਲ ਸਿੰਘ ਰੂਮੀ, ਤਰਸੇਮ ਸਿੰਘ ਬੱਸੂਵਾਲ, ਦਵਿੰਦਰ ਸਿੰਘ ਕਾਉਂਕੇ, ਅਰਜਨ ਸਿੰਘ ਖੇਲਾ, ਬਲਵਿੰਦਰ ਸਿੰਘ ਕੋਠੇ ਪੋਨਾ ਨੇ ਕਿਹਾ ਕਿ ਆਨਲਾਈਨ ਪੜ੍ਹਾਈ ਰਾਹੀਂ ਵਿਦਿਆਰਥੀਆਂ ਦੀ ਲਿਆਕਤ, ਬੌਧਿਕਤਾ, ਮਸੂਮੀਅਤ, ਜਿਗਿਆਸਾ ਦਾ ਕਤਲ ਕਰਕੇ ਪੁੰਗਰਦੇ ਬੱਚਿਆਂ ਨੂੰ ਨਕਲਚੀ ਬਣਾਇਆ ਜਾ ਰਿਹਾ ਹੈ। ਸਿੱਧਵਾਂ ਬੇਟ ਵਾਲੇ ਧਰਨੇ ਨੂੰ ਗੁਰਮੇਲ ਸਿੰਘ ਭਰੋਵਾਲ, ਸੁਖਦੇਵ ਭੂੰਦੜੀ ਆਦਿ ਨੇ ਸੰਬੋਧਨ ਕੀਤਾ। ਇਸ ਸਮੇਂ ਸ਼ਹੀਦ ਕਿਸਾਨਾਂ ਦੇ ਆਸ਼ਰਿਤਾ ਨੂੰ ਨੌਕਰੀ ਤੇ ਮੁਆਵਜ਼ੇ ਤੋਂ ਇਲਾਵਾ ਮੀਂਹ ਨਾਲ ਆਲੂਆਂ ਦੀ ਬਰਬਾਦ ਫ਼ਸਲ ਦਾ ਵੀ ਮੁਆਵਜ਼ਾ ਮੰਗਿਆ ਗਿਆ।
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਬਰਨਾਲਾ-ਲੁਧਿਆਣਾ ਮਾਰਗ ’ਤੇ ਸੈਕਰਟ ਹਾਰਟ ਸਕੂਲ ਦੇ ਨੇੜੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ‘ਚ ਦੋ ਘੰਟੇ ਲਈ ਟ੍ਰੈਫਿਕ ਜਾਮ ਕੀਤਾ ਗਿਆ। ਅੱਜ ਇੱਥੇ ਇਲਾਕੇ ਭਰ ਦੇ ਚਾਰ ਦਰਜਨ ਪਿੰਡਾਂ ’ਚੋਂ ਆਏ ਸੈਂਕੜੇ ਕਿਸਾਨਾਂ-ਮਜ਼ਦੂਰਾਂ, ਬੱਚਿਆਂ, ਅਧਿਆਪਕਾਂ ਨੇ ਇਸ ਰੋਸ ਪ੍ਰਦਰਸ਼ਨ ’ਚ ਭਾਗ ਲਿਆ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਰਣਧੀਰ ਸਿੰਘ ਬੱਸੀਆਂ, ਹਰਬਖਸੀਸ਼ ਸਿੰਘ ਚੱਕ ਭਾਈਕਾ, ਬਲਾਕ ਸਕੱਤਰ ਤਾਰਾ ਸਿੰਘ ਅੱਚਰਵਾਲ, ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸ਼ਰਮਾ ਆਦਿ ਨੇ ਕਿਹਾ ਕਿ ਆਨਲਾਈਨ ਪੜ੍ਹਾਈ ਵਿਦਿਆਰਥੀਆਂ ਦੀ ਲਿਆਕਤ, ਬੋਧਿਕਤਾ, ਮਾਸੂਮੀਅਤ ਦਾ ਕਤਲ ਕਰ ਕੇ ਉਨ੍ਹਾਂ ਨੂੰ ਮਹਿਜ਼ ਨਕਲਚੀ ਬਣਾ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਭਰ ’ਚ ਸਰਕਾਰੀ ਤੇ ਨਿੱਜੀ ਸਕੂਲ ਤੁਰੰਤ ਖੋਲ੍ਹਣ ਦੀ ਮੰਗ ਕਰਦਿਆਂ ਕਿਹਾ ਕਿ ਜੇ ਸਰਕਾਰ ਸਕੂਲ ਨਹੀਂ ਖੋਲ੍ਹਦੀ ਤਾਂ ਜਥੇਬੰਦੀ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਖ਼ੁਦ ਸਕੂਲ ਚਲਾਉਣ ਲਈ ਮਜਬੂਰ ਹੋਵੇਗੀ।
ਮਜ਼ਦੂਰ-ਨੌਜਵਾਨ ਜਥੇਬੰਦੀਆਂ ਵੱਲੋਂ ਡੀਸੀ ਨੂੰ ਮੰਗ ਪੱਤਰ
ਲੁਧਿਆਣਾ (ਖੇਤਰੀ ਪ੍ਰਤੀਨਿਧ): ਕਾਰਖਾਨਾ ਮਜ਼ਦੂਰ ਯੂਨੀਅਨ, ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਦੇ ਵਫ਼ਦ ਵੱਲੋਂ ਡੀਸੀ ਲੁਧਿਆਣਾ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਕਰੋਨਾ ਬਹਾਨੇ ਬੰਦ ਰੱਖੇ ਜਾ ਰਹੇ ਪ੍ਰਾਈਮਰੀ ਸਕੂਲ ਤੁਰੰਤ ਖੋਲ੍ਹਣ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਅਤੇ ਹੋਰ ਨਾਗਰਿਕਾਂ ਨੂੰ ਕਰੋਨਾ ਵੈਕਸੀਨ ਲਵਾਉਣ ਲਈ ਮਜ਼ਬੂਰ ਨਾ ਕਰਨ ਦੀ ਵੀ ਮੰਗ ਕੀਤੀ ਗਈ ਹੈ। ਵਫ਼ਦ ਵਿੱਚ ਕਾਰਖਾਨਾ ਮਜ਼ਦੂਰ ਯੂਨੀਅਨ ਵੱਲੋਂ ਲਖਵਿੰਦਰ ਅਤੇ ਕਲਪਨਾ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਵੱਲੋਂ ਜਗਦੀਸ਼ ਅਤੇ ਵਿਸ਼ਵਨਾਥ, ਨੌਜਵਾਨ ਭਾਰਤ ਸਭਾ ਵੱਲੋਂ ਨਵਜੋਤ, ਜਸਮੀਤ ਅਤੇ ਰਜਿੰਦਰ ਸ਼ਾਮਲ ਸਨ। ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਜਨਰਲ ਸਕੱਤਰ ਜਗਦੀਸ਼ ਨੇ ਕਿਹਾ ਕਿ ਵਿਗਿਆਨਕ ਤੱਥਾਂ ਤੋਂ ਇਹ ਸਾਬਤ ਹੋ ਚੁੱਕਾ ਹੈ ਕਿ ਕਰੋਨਾ ਨੂੰ ਕਾਬੂ ਪਾਉਣ ਦਾ ਪਾਬੰਦੀਆਂ ਨਾਲ਼ ਕੋਈ ਸਬੰਧ ਨਹੀਂ ਹੈ। ਸਕੂਲ, ਕਾਲਜ, ਯੂਨੀਵਰਸਿਟੀਆਂ ਤੇ ਹੋਰ ਵਿੱਦਿਅਕ ਅਦਾਰੇ ਬੰਦ ਰਹਿਣ ਕਾਰਨ ਵਿਦਿਆਰਥੀਆਂ ਨੂੰ ਪੜ੍ਹਾਈ ਸਬੰਧੀ ਬਹੁਤ ਵੱਡਾ ਨੁਕਸਾਨ ਝੱਲਣਾ ਪਿਆ ਹੈ।