ਗੁਰਦੀਪ ਿਸੰਘ ਟੱਕਰ
ਮਾਛੀਵਾੜਾ, 30 ਅਕਤੂਬਰ
ਹਲਕਾ ਸਾਹਨੇਵਾਲ ਦੇ ਪਿੰਡ ਜੰਡਿਆਲੀ ਦੇ ਸਿੱਖ ਨੌਜਵਾਨ ਸਮਸ਼ੇਰ ਸਿੰਘ ਦੀ ਕਰੀਬ 10 ਦਿਨ ਪਹਿਲਾਂ ਹੋਈ ਕੁੱਟਮਾਰ ਮਾਮਲੇ ਵਿੱਚ ਪੁਲੀਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਅੱਜ ਨਿਹੰਗ ਜਥੇਬੰਦੀਆਂ ਤੇ ਪਿੰਡ ਵਾਸੀਆਂ ਵੱਲੋਂ ਕੁਹਾੜਾ ਚੌਕ ਵਿਚ ਚੱਕਾ ਜਾਮ ਕਰ ਕੇ ਧਰਨਾ ਲਗਾ ਦਿੱਤਾ ਗਿਆ।
ਇਹ ਰੋਸ ਪ੍ਰਦਰਸ਼ਨ ਤਰਨਾ ਦਲ ਦੇ ਮੁਖੀ ਗੁਰਜੀਤ ਸਿੰਘ ਗਰਜਾ ਦੀ ਅਗਵਾਈ ’ਚ ਕੀਤਾ ਗਿਆ। ਇਸ ਮੌਕੇ ਬਾਬਾ ਸਿੰਘ, ਬਾਬਾ ਮਨਪ੍ਰੀਤ ਸਿੰਘ ਖਾਲਸਾ, ਜਸਵਿੰਦਰ ਸਿੰਘ ਖਾਲਸਾ ਬਿਜਲੀਪੁਰ, ਬਲਵਿੰਦਰ ਸਿੰਘ ਖਾਲਸਾ, ਪ੍ਰਧਾਨ ਗੁਰਦੀਪ ਸਿੰਘ ਜੰਡਿਆਲੀ, ਮੋਹਨ ਸਿੰਘ, ਬਾਬਾ ਬੂਟਾ ਸਿੰਘ, ਬਾਬਾ ਕੁਲਤਾਰਨ ਸਿੰਘ, ਬਾਬਾ ਗੁਰਦੇਵ ਸਿੰਘ, ਬਾਬਾ ਸੁਖਪ੍ਰੀਤ ਸਿੰਘ ਨਾਂਦਲ, ਮਲਵਿੰਦਰ ਸਿੰਘ, ਜਗਦੇਵ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਕਿਹਾ ਕਿ ਸਿੱਖ ਨੌਜਵਾਨ ਦੀ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ। ਇਸ ਮੌਕੇ ਰਾਮਗੜ੍ਹ ਚੌਕੀ ਇੰਚਾਰਜ ਸੁਰਜੀਤ ਸਿੰਘ ਸੈਣੀ ਪੁਲੀਸ ਪਾਰਟੀ ਸਣੇ ਮੌਕੇ ’ਤੇ ਪੁੱਜੇ। ਉਨ੍ਹਾਂ ਨੇ ਧਰਨਾਕਾਰੀਆਂ ਨੂੰ ਇਨਸਾਫ਼ ਦੇਣ ਦੇ ਭਰੋਸੇ ਵਿੱਚ ਲੈ ਕੇ ਜਾਮ ਖੁੱਲ੍ਹਵਾਇਆ।
ਦੂਜੇ ਪਾਸੇ, ਥਾਣਾ ਮੁਖੀ ਜਮਾਲਪੁਰ ਬਿਕਰਮ ਸਿੰਘ ਘੁੰਮਣ ਨੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਵੱਖ-ਵੱਖ ਧਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।