ਲੁਧਿਆਣਾ: ਸ਼ਹਿਰ ਦੇ ਮਾਡਲ ਟਾਊਨ ਇਲਾਕੇ ਵਿੱਚ ਰੇਲਵੇ ਫਾਟਕਾਂ ’ਚ ਮੀਂਹ ਦੌਰਾਨ ਅੱਜ ਮੁੜ ਅਚਾਨਕ ਸੜਕ ਧੱਸ ਗਈ। ਇਸ ਸੜਕ ਪਿਛਲੇ ਦਿਨਾਂ ਵਿੱਚ ਵੀ ਧੱਸ ਗਈ ਸੀ। ਇਸ ਵਾਰ ਤਾਂ ਪਿਛਲੇ ਵਾਰ ਨਾਲੋਂ ਵੀ ਵੱਡਾ ਟੋਇਆ ਪੈ ਗਿਆ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਪਤਨੀ ਡਾ. ਸੁਖਚੈਨ ਕੌਰ ਬੱਸੀ ਮੌਕੇ ’ਤੇ ਪਹੁੰਚੇ। ਜਾਣਕਾਰੀ ਮੁਤਾਬਕ ਇੱਥੇ ਮਾਡਲ ਟਾਊਨ ਨੇੜੇ ਹੀਰੋ ਬੇਕਰੀ ਤੋਂ ਇਸ਼ਮੀਤ ਚੌਕ ਜਾਣ ਵਾਲੀ ਸੜਕ ਇੱਕ ਵਾਰ ਫਿਰ ਧੱਸ ਗਈ। ਇਸ ਵਾਰ ਇਸ ਸੜਕ ’ਤੇ 15 ਫੁੱਟ ਦੇ ਕਰੀਬ ਟੋਇਆ ਪੈ ਗਿਆ ਹੈ। ਨਗਰ ਨਿਗਮ ਦੀ ਟੀਮ ਦੇ ਨਾਲ ਵਿਧਾਇਕ ਗੋਗੀ ਦੀ ਪਤਨੀ ਮੌਕੇ ’ਤੇ ਪੁੱਜੇ ਜਿਨ੍ਹਾਂ ਨੇ ਨਿਗਮ ਦੀ ਟੀਮ ਨੂੰ ਜਲਦ ਹੀ ਇਸਨੂੰ ਰਿਪੇਅਰ ਕਰਨ ਦੇ ਹੁਕਮ ਜਾਰੀ ਕੀਤੇ। ਨਗਰ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸੜਕ ’ਤੇ ਸਾਹਮਣੇ ਢਾਬੇ ਵਾਲੇ ਸੀਵਰੇਜ਼ ਲਾਈਨ ਤੇ ਟੈਲੀਫੋਨ ਕੰਪਨੀਆਂ ਵਾਲੇ ਨੇ ਟੋਇਆ ਪੁੱਟ ਕੇ ਤਾਰਾਂ ਪਾਈਆਂ ਸੀ। ਉਸ ਤੋਂ ਬਾਅਦ ਇਸ ਥਾਂ ’ਤੇ ਲਗਾਤਾਰ ਸੜਕ ਦਾ ਬੁਰਾ ਹਾਲ ਹੋ ਰਿਹਾ ਹੈ। ਪਿਛਲੇ ਸਾਲ ਵੀ ਇਸੇ ਥਾਂ ਤੋਂ ਸੜਕ ਧੱਸ ਗਈ ਸੀ। ਹੁਣ ਵੀ ਉਸੇ ਸੜਕ ਦਾ ਹਿੱਸਾ ਧੱਸ ਗਿਆ। ਇਸੇ ਸੜਕ ’ਤੇ 14 ਸਤੰਬਰ ਨੂੰ ਵੀ ਟੋਇਆ ਪਿਆ ਸੀ। ਇਸ ਮੌਕੇ ਡਾ. ਬੱਸੀ ਨੇ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਬਣੀਆਂ ਇਨ੍ਹਾਂ ਸੜਕਾਂ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਦੀ ਗੁਣਵੱਤਾ ਕੀ ਰਹੀ ਹੈ। ਡਾ. ਵੱਲੋਂ ਮੌਕੇ ’ਤੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੜਕ ਦੀ ਬੈਰੀਕੇਡਿੰਗ ਕਰਵਾਈ ਜਾਵੇ ਅਤੇ ਜਲਦ ਇਸ ਸੜਕ ਦੇ ਹਿੱਸੇ ਦੀ ਮੁਰੰਮਤ ਵੀ ਕਰਵਾਈ ਜਾਵੇ ਤਾਂ ਜੋ ਆਵਾਜਾਈ ਸੁਖਾਵੀਂ ਹੋ ਸਕੇ। -ਟਨਸ