ਗਗਨਦੀਪ ਅਰੋੜਾ
ਲੁਧਿਆਣਾ, 9 ਅਕਤੂਬਰ
ਚੀਨ ਵਿੱਚ ਆਏ ਬਿਜਲੀ ਸੰਕਟ ਦੀ ਮਾਰ ਸੂਬੇ ਦੀਆਂ ਸਨਅਤਾਂ ’ਤੇ ਵੀ ਪਈ ਹੈ, ਹੁਣ ਚੀਨ ਦੇ ਬਿਜਲੀ ਸੰਕਟ ਤੋਂ ਬਾਅਦ ਸਨਅਤਕਾਰ ਮਹਿੰਗੇ ਕੋਲੇ ਦੀ ਮਾਰ ਝੱਲ ਰਹੇ ਹਨ। ਕੋਲੇ ਦੇ ਭਾਅ ਵਿੱਚ ਕਾਫ਼ੀ ਵਾਧਾ ਹੋਇਆ ਹੈ, ਸਨਅਤੀ ਸ਼ਹਿਰ ’ਚ ਕੋਲੇ ਦੀ ਵੱਡੀ ਖਪਤ ਹੁੰਦੀ ਹੈ, ਇਸ ਦੀ ਵਰਤੋਂ ਲੋਹੇ, ਡਾਇੰਗ ਤੇ ਕਈ ਹੋਰ ਉਸਾਰੀ ਕੰਮਾਂ ’ਚ ਕੀਤੀ ਜਾਂਦੀ ਹੈ। ਚੀਨ ਤੋਂ ਆਉਣ ਵਾਲੇ ਕੋਲੇ ਦੇ ਭਾਅ ’ਚ ਤੇਜ਼ੀ ਤੋਂ ਬਾਅਦ ਹੁਣ ਦੇਸੀ ਕੋਲੇ ਦੇ ਭਾਅ ’ਚ ਵੀ ਇੱਕ ਮਹੀਨੇ ਤੋਂ ਤੇਜ਼ੀ ਦਿਖ ਰਹੀ ਹੈ। ਇਸ ਕਾਰਨ ਲਾਗਤ ਵਧ ਗਈ ਹੈ ਤੇ ਸਨਅਤਕਾਰਾਂ ਦੀ ਪਰੇਸ਼ਾਨੀ ਵੀ ਵੱਧ ਗਈ ਹੈ। ਚੀਨੀ ਕੋਲੇ ਦੇ ਭਾਅ ਮਹੀਨੇ ’ਚ ਹੀ 35 ਰੁਪਏ ਤੋਂ ਵੱਧ ਕੇ 53 ਰੁਪਏ ਕਿਲੋ ਹੋ ਗਏ ਹਨ। ਇਸ ਦੇ ਨਾਲ ਹੀ ਝਾਰਖੰਡ ਤੋਂ ਆਉਣ ਵਾਲੇ ਕੋਲੇ ਦੀ ਲੋਅ ਐਸ਼ ਦੀ ਕੀਮਤ 20 ਤੋਂ 33 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਇੱਕ ਮਹੀਨੇ ’ਚ ਇੰਨੀ ਤੇਜ਼ੀ ਆਉਣ ਕਾਰਨ ਸਨਅਤਕਾਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ’ਚ ਬਦਲਾਅ ਕਾਰਨ ਕੋਲੇ ਦੀ ਖਪਤ ਵੀ ਇਨ੍ਹੀਂ ਦਿਨੀਂ ਵੱਧ ਜਾਂਦੀ ਹੈ, ਅਜਿਹੇ ’ਚ ਜੇਕਰ ਸਥਿਤੀ ਕਾਬੂ ਨਾ ਆਈ ਤਾਂ ਕੋਲੇ ਦੀ ਕਿੱਲਤ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਕੋਲਾ ਕਾਰੋਬਾਰੀ ਮਨਿੰਦਰਪਾਲ ਸਿੰਘ ਨੇ ਕਿਹਾ ਕਿ ਕੋਲੇ ਦੇ ਭਾਅ ’ਚ ਪਿਛਲੇ ਇੱਕ ਮਹੀਨੇ ਤੋਂ ਵਾਧੇ ਦਾ ਦੌਰ ਜਾਰੀ ਹੈ। ਪਿਛਲੇ ਕਈ ਸਾਲਾਂ ਤੋਂ ਇੰਨੀ ਤੇਜ਼ੀ ਨਾਲ ਕੋਲੇ ਦੇ ਭਾਅ ’ਚ ਵਾਧਾ ਕਦੇ ਨਹੀਂ ਹੋਇਆ। ਚੀਨ ’ਚ ਆਏ ਬਿਜਲੀ ਤੇ ਕੋਲੇ ਦੇ ਸੰਕਟ ਦਾ ਅਸਰ ਭਾਰਤ ’ਚ ਵੀ ਦਿਖਣ ਲੱਗਿਆ ਹੈ। ਕਿਉਂਕਿ ਚੀਨ ’ਚੋਂ ਸਪਲਾਈ ਘੱਟ ਹੋਣ ਕਾਰਨ ਭਾਅ ਵੱਧ ਗਏ ਹਨ। ਚੀਨ ਤੋਂ ਕੋਲਾ ਘੱਟ ਆਉਣ ਕਾਰਨ ਹੁਣ ਭਾਰਤ ਵਿੱਚ ਬਣਨ ਵਾਲੇ ਕੋਲੇ ਦੀ ਮੰਗ ਵੱਧ ਗਈ ਹੈ।
ਜਗਜੀਤ ਸਿੰਘ ਨੇ ਦੱਸਿਆ ਕਿ ਕੋਲਾ ਬਾਜ਼ਾਰ ਵਿੱਚ ਨਾ ਮਿਲਣ ਕਾਰਨ ਇਸ ਦੇ ਭਾਅ ਵਿੱਚ ਤੇਜ਼ੀ ਆ ਰਹੀ ਹੈ, ਜੇਕਰ ਸਥਿਤੀ ਜਲਦੀ ਠੀਕ ਨਾ ਹੋਈ ਤਾਂ ਆਉਣ ਵਾਲੇ ਦਿਨਾਂ ’ਚ ਭਾਅ ’ਚ ਹੋਰ ਵੀ ਤੇਜ਼ੀ ਦੇਖਣ ਨੂੰ ਮਿਲੇਗੀ। ਸਰਦੀਆਂ ’ਚ ਕੋਲੇ ਦੀ ਮੰਗ ਵੀ ਕਾਫ਼ੀ ਵੱਧ ਜਾਂਦੀ ਹੈ। ਲੋਹਾ ਯੂਨਿਟਾਂ ਅਤੇ ਇੱਟਾਂ ਦੇ ਭੱਠੇ ਦਾ ਸੀਜ਼ਨ ਹੋਣ ਕਾਰਨ ਭਾਅ ਹੋਰ ਤੇਜ਼ ਹੋ ਸਕਦੇ ਹਨ। ਸਨਅਤਕਾਰ ਅਸ਼ੋਕ ਮੱਕੜ ਦਾ ਕਹਿਣਾ ਹੈ ਕਿ ਡਾਇੰਗ ਸਨਅਤ ਵਿੱਚ ਕੋਲਾ ਕਾਫ਼ੀ ਜ਼ਿਆਦਾ ਲਗਦਾ ਹੈ, ਇਸ ਕਰਕੇ ਹੁਣ ਸਰਦੀ ਦੇ ਕੱਪੜੇ ਤੇ ਉੱਨ ਦੇ ਰੰਗਾਈ ਦੇ ਭਾਅ ’ਤੇ ਵੀ ਅਸਰ ਪੈ ਰਿਹਾ ਹੈ।