ਮੁੱਲਾਂਪੁਰ ਦਾਖਾ (ਸੰਤੋਖ ਗਿੱਲ): ਦਾਖਾ ਹਲਕੇ ਤੋਂ ਅਕਾਲੀ ਬਸਪਾ ਗੱਠਜੋੜ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੇ ਚੋਣ ਇੰਚਾਰਜ ਹਰਕਿੰਦਰ ਸਿੰਘ ਇਯਾਲੀ ਵੱਲੋਂ ਮੁੱਲਾਂਪੁਰ ਸ਼ਹਿਰ ਦੇ ਸਰਗਰਮ ਵਰਕਰਾਂ, ਆਗੂਆਂ ਦੀ ਹੌਸਲਾ-ਅਫ਼ਜ਼ਾਈ ਅਤੇ ਧੰਨਵਾਦ ਕਰਨ ਲਈ ਇਕ ਵਿਸ਼ੇਸ਼ ਮੀਟਿੰਗ ਮੁੱਖ ਦਫ਼ਤਰ ਵਿਚ ਬੁਲਾਈ ਗਈ। ਮੀਟਿੰਗ ਦੌਰਾਨ ਪੋਲਿੰਗ ਵਾਲੇ ਦਿਨ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਵੋਟਾਂ ਦੇ ਸੰਭਾਵਿਤ ਨਤੀਜਿਆਂ ਦਾ ਲੇਖਾ-ਜੋਖਾ ਕੀਤਾ ਗਿਆ। ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੇ ਭਰਾ ਹਰਕਿੰਦਰ ਸਿੰਘ ਇਯਾਲੀ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਸਰਗਰਮ ਵਰਕਰਾਂ ਅਤੇ ਆਗੂਆਂ ਨੇ ਦਿਨ ਰਾਤ ਕੰਮ ਕਰ ਕੇ ਇਆਲ਼ੀ ਲਈ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ ਕਿ 20 ਸਾਲ ਤੋਂ ਹਲਕੇ ਦੇ ਲੋਕਾਂ ਦੀ ਸੇਵਾ ਵਿਚ ਜੁਟਿਆ ਇਯਾਲੀ ਪਰਿਵਾਰ ਵੋਟਰਾਂ ਦਾ ਰਿਣੀ ਰਹੇਗਾ ਅਤੇ ਉਨ੍ਹਾਂ ਸ਼ਾਂਤੀਪੂਰਵਕ ਢੰਗ ਨਾਲ ਵੋਟਾਂ ਪਾਉਣ ਲਈ ਹਲਕਾ ਦਾਖਾ ਦੇ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਸਮੁੱਚੇ ਵਰਕਰਾਂ, ਆਗੂਆਂ ਨੇ ਚੋਣ ਪ੍ਰਚਾਰ ਅਤੇ ਪੋਲਿੰਗ ਦੌਰਾਨ ਸਖ਼ਤ ਮਿਹਨਤ ਕੀਤੀ ਹੈ ਅਤੇ ਗੱਠਜੋੜ ਉਮੀਦਵਾਰ ਦਾ ਸਾਥ ਦਿੱਤਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਹਲਕਾ ਦਾਖਾ ਦੇ ਲੋਕਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਤੋਂ ਨਜ਼ਰ ਆ ਰਿਹਾ ਹੈ ਕਿ ਅਕਾਲੀ ਬਸਪਾ ਗੱਠਜੋੜ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ।