ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਚੱਪੜਚਿੜੀ ਮਾਰਗ ਅਤੇ ਨਾਂਦੇੜ-ਅੰਮ੍ਰਿਤਸਰ ਸਪੈਸ਼ਲ ਟਰੇਨ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਰੱਖਣ ਦੀ ਕੀਤੀ ਮੰਗ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਸਤੰਬਰ
ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਅੱਜ ਬਾਬਾ ਬੰਦਾ ਬਹਾਦਰ ਘਾਟ ਤੇ ਮਿਲਾਪ ਦਿਵਸ ਮਨਾਇਆ ਗਿਆ। ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਹੋਰ ਆਗੂ ਅਤੇ ਸਰਪ੍ਰਸਤ ਮਲਕੀਤ ਸਿੰਘ ਦਾਖਾ ਦੀ ਅਗਵਾਈ ਹੇਠ ਸ਼ਰਧਾਲੂਆਂ ਦਾ ਜਥਾ ਲੁਧਿਆਣਾ ਤੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਗਿਆ ਹੋਇਆ ਹੈ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿੱੱਚ ਅਖੰਡ ਪਾਠ ਦੇ ਭੋਗ ਪਾਏ ਗਏ। ਭੋਗ ਉਪਰੰਤ ਹਜ਼ੂਰੀ ਰਾਗੀ ਭਾਈ ਕਿਸ਼ੋਰ ਸਿੰਘ ਦੇ ਜੱਥੇ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ ਜਦਕਿ ਕਥਾਵਾਚਕ ਭਾਈ ਸੁਖਵਿੰਦਰ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਅਤੇ ਗੁਰੂ ਗੋਬਿੰਦ ਸਿੰਘ ਜੀ ਨਾਲ 1708 ਵਿੱਚ ਗੋਦਾਵਰੀ ਕਿਨਾਰੇ ਹੋਏ ਮਿਲਾਪ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਪ੍ਰਬੰਧਕੀ ਬੋਰਡ ਦੇ ਸੁਪਰਡੈਂਟ ਗੁਰਵਿੰਦਰ ਸਿੰਘ ਵਧਵਾ ਨੇ ਫਾਊਂਡੇਸ਼ਨ ਵੱਲੋਂ ਪਿਛਲੇ 17 ਸਾਲ ਤੋਂ ਲਗਾਤਾਰ ਲੁਧਿਆਣਾ ਤੋਂ ਵਿਸ਼ਾਲ ਜਥੇ ਨਾਲ ਹਜ਼ੂਰ ਸਾਹਿਬ ਨਾਂਦੇੜ ਆ ਕੇ ਮਿਲਾਪ ਦਿਵਸ ਮਨਾਉਣ ਦੀ ਸ਼ਲਾਘਾ ਕੀਤੀ। ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਸਰਪ੍ਰਸਤ ਮਲਕੀਤ ਸਿੰਘ ਦਾਖਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਹਜ਼ੂਰ ਸਾਹਿਬ ਨਾਂਦੇੜ ਤੋਂ ਚੱਪੜਚਿੜੀ ਸੜਕ ਮਾਰਗ ਅਤੇ ਨਾਂਦੇੜ-ਅੰਮ੍ਰਿਤਸਰ ਸਪੈਸ਼ਲ ਟਰੇਨ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ’ਤੇ ਰੱਖਿਆ ਜਾਵੇ।
ਸ਼ਖ਼ਸੀਅਤਾਂ ਦੇ ਸਨਮਾਨ ਸਮੇਂ ਕ੍ਰਿਸ਼ਨ ਕੁਮਾਰ ਬਾਵਾ, ਮਲਕੀਤ ਸਿੰਘ ਦਾਖਾ ਅਤੇ ਹੋਰ ਆਗੂ।
-ਫੋਟੋ: ਪੰਜਾਬੀ ਟ੍ਰਿਬਿਊਨ