ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 27 ਅਪਰੈਲ
ਪ੍ਰਸਾਸ਼ਨ ਤੇ ਸਿਹਤ ਵਿਭਾਗ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਸੀ ਕਿ ਕਰੋਨਾ ਮਹਾਮਾਰੀ ’ਤੇ ਕਾਬੂ ਪਾਉਣ ਲਈ ਵੱਧ ਤੋਂ ਵੱਧ ਲੋਕ ਵੈਕਸੀਨ ਦਾ ਟੀਕਾ ਲਗਵਾਉਣ ਜਿਸ ਤੋਂ ਪ੍ਰੇਰਿਤ ਹੋ ਕੇ ਵੱਡੀ ਗਿਣਤੀ ’ਚ ਵਿਅਕਤੀ ਹਸਪਤਾਲਾਂ ’ਚ ਟੀਕਾ ਲਗਵਾਉਣ ਆਉਣ ਲੱਗ ਪਏ ਪਰ ਹੁਣ ਹਾਲਾਤ ਇਹ ਹੋ ਗਏ ਹਨ ਕਿ ਹਸਪਤਾਲਾਂ ’ਚ ਵੈਕਸੀਨ ਖ਼ਤਮ ਹੋ ਗਈ ਜਿਸ ਕਾਰਨ ਲੋਕਾਂ ਨੂੰ ਨਿਰਾਸ਼ ਮੁੜਨਾ ਪੈ ਰਿਹਾ ਹੈ।
ਅੱਜ ਮਾਛੀਵਾੜਾ ਦੇ ਸਿਵਲ ਹਸਪਤਾਲ ’ਚ ਕਈ ਲੋਕ ਜੋ ਵੈਕਸੀਨ ਲਗਵਾਉਣ ਆਏ ਸਨ, ਉਹ ਇਹ ਦਵਾਈ ਨਾ ਹੋਣ ਕਾਰਨ ਵਾਪਸ ਚਲੇ ਗਏ ਅਤੇ ਕਈ ਵਿਅਕਤੀ ਜਿਨ੍ਹਾਂ ਨੂੰ ਅੱਜ ਵੈਕਸੀਨ ਦੀ ਦੂਜੀ ਡੋਜ਼ ਲੱਗਣੀ ਸੀ ਉਹ ਵੀ ਸਰਕਾਰ ਦੇ ਪ੍ਰਬੰਧਾਂ ਨੂੰ ਕੋਸਦੇ ਦਿਖਾਈ ਦਿੱਤੇ। ਇਸ ਸਬੰਧੀ ਐੱਸ.ਐੱਮ.ਓ. ਡਾ. ਜਸਪ੍ਰੀਤ ਕੌਰ ਨੇ ਕਿਹਾ ਕਿ ਸਾਰੇ ਲੁਧਿਆਣੇ ਜ਼ਿਲ੍ਹਾ ’ਚ ਵੈਕਸੀਨ ਦੀ ਘਾਟ ਹੈ ਅਤੇ ਅੱਜ ਮਾਛੀਵਾੜਾ ’ਚ ਦਵਾਈ ਖ਼ਤਮ ਹੋਣ ਕਾਰਨ ਟੀਕਾਕਰਨ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਜਦੋਂ ਵੀ ਵੈਕਸੀਨ ਆਵੇਗੀ ਉਸ ਤੋਂ ਬਾਅਦ ਮੁੜ ਟੀਕਾਕਰਨ ਮੁਹਿੰਮ ਸ਼ੁਰੂ ਕਰ ਦਿੱਤੀ ਜਾਵੇਗੀ।