ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਜੁਲਾਈ
ਲੁਧਿਆਣਾ ਵਿੱਚ ਹੁਣ ਤੋਂ ਰਾਤ 11.45 ਵਜੇ ਤੋਂ ਬਾਅਦ ਢਾਬੇ, ਰੈਸਤਰਾਂ ਤੇ ਹੋਰ ਖਾਣ ਪੀਣ ਵਾਲੀਆਂ ਦੁਕਾਨਾਂ ਨਹੀਂ ਖੁੱਲ੍ਹਣ ਗਈਆਂ। ਲੁਧਿਆਣਾ ਦੇ ਪੁਲੀਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਜ਼ਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰ 2) ਦੀ ਧਾਰਾ 144 ਸੀਆਰਪੀਸੀ ਅਧੀਨ ਸੌਂਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਹ ਪਾਬੰਧੀ ਲਗਾਈ ਹੈ। ਪੁਲੀਸ ਕਮਿਸ਼ਨਰ ਦੇ ਧਿਆਨ ਵਿੱਚ ਆਇਆ ਹੈ ਕਿ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਅੰਦਰ ਰਾਤ ਸਮੇ ਕਾਫੀ ਦੇਰ ਤੱਕ ਰੈਸਟੋਰੈਂਟ, ਢਾਬੇ, ਕਲੱਬ, ਆਈਸਕ੍ਰੀਮ ਪਾਰਲਰ ਜਾਂ ਸਟੂਡਿਓ ਵਗੈਰਾ ਖੁੱਲ੍ਹੇ ਰਹਿੰਦੇ ਹਨ ਜਿੱਥੇ ਲੋਕ ਇਨ੍ਹਾਂ ਦੁਕਾਨਾਂ ਦੇ ਬਾਹਰ ਖੁੱਲ੍ਹੇਆਮ ਗੱਡੀਆਂ ਵਿੱਚ ਬੈਠ ਕੇ ਸ਼ਰਾਬ ਆਦਿ ਦਾ ਸੇਵਨ ਕਰਦੇ ਹਨ, ਜਿਸ ਕਰਕੇ ਲੜਾਈ-ਝਗੜਾ ਅਤੇ ਲੁੱਟਾਂ-ਖੋਹਾਂ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਸ ਲਈ ਰਾਤ ਦੇ ਸਮੇ ਹੋਟਲ ਤੇ ਢਾਬਿਆਂ ਅਤੇ ਸ਼ਰਾਬ ਦੇ ਠੇਕਿਆਂ ’ਤੇ ਅਜਿਹੀਆਂ ਗੈਰ ਕਾਨੂੰਨੀ ਘਟਨਾਵਾਂ ਨੂੰ ਰੋਕਣ ਲਈ ਪਬਲਿਕ ਹਿੱਤ ਵਿਚ ਵਿਸ਼ੇਸ ਕਦਮ ਚੁੱਕਦਿਆਂ ਪੁਲੀਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਵਿੱਚ ਰਾਤ ਸਮੇ ਰੈਸਟੋਰੈਂਟ, ਢਾਬੇ, ਕਲੱਬ, ਆਈਸਕ੍ਰੀਮ ਪਾਰਲਰ ਜਾਂ ਸਟੂਡੀਓ ਵਗੈਰਾ ਰਾਤ ਨੂੰ 11.45 ਵਜੇ ਤੋਂ ਬਾਅਦ ਮੁਕੰਮਲ ਤੌਰ ’ਤੇ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਹੁਕਮ ਪਬਲਿਕ ਹਿੱਤ ਵਿੱਚ ਇਕਤਰਫਾ ਜਾਰੀ ਕੀਤੇ ਜਾਂਦੇ ਹਨ। ਇਹ ਪਾਬੰਦੀ ਹੁਕਮ ਅਗਲੇ ਦੋ ਮਹੀਨੇ ਤੱਕ ਲਾਗੂ ਰਹਿਣਗੇ।