ਪੱਤਰ ਪ੍ਰੇਰਕ
ਜਗਰਾਉਂ, 21 ਮਾਰਚ
ਜਗਰਾਉਂ ਦੀ ਸਾਹਿਤ ਸਭਾ ਵੱਲੋਂ ਸਾਲਾਨਾ ਸਮਾਗਮ ਦਾ ਪ੍ਰਬੰਧ ਪੁਲੀਸ ਪੈਨਸ਼ਨਰ ਐਂਡ ਵੈਲਫੇਅਰ ਐਸੋਸੀਏਸ਼ਨ ਭਵਨ ਦੇ ਵਿਹੜੇ ’ਚ ਗੁਲਜ਼ਾਰ ਪੰਧੇਰ ਦੀ ਪ੍ਰਧਾਨਗੀ ਹੇਠ ਹੋਇਆ।
ਪ੍ਰਬੰਧਕਾਂ ਵੱਲੋਂ ਗਠਿਤ ਕੀਤੇ ਪ੍ਰਧਾਨਗੀ ਮੰਡਲ ’ਚ ਗੁਲਜ਼ਾਰ ਪੰਧੇਰ, ਸੁਰਿੰਦਰ ਰਾਮਪੁਰੀ, ਅਵਤਾਰ ਜਗਰਾਉਂ, ਪ੍ਰਭਜੋਤ ਸੋਹੀ ਅਤੇ ਹਰਕੋਮਲ ਬਰਿਆਰ ਨੂੰ ਸ਼ਾਮਲ ਕੀਤਾ ਗਿਆ। ਪਹਿਲੇ ਪੜਾਅ ’ਚ ਹਰਕੋਮਲ ਬਰਿਆਰ ਦੇ ਗਜ਼ਲ ਸੰਗ੍ਰਿਹ ‘ਸ਼ਬਦਾਂ ਦੀ ਲੋਅ’ ’ਤੇ ਗੋਸ਼ਟੀ ਕਰਵਾਈ ਗਈ।
ਦੂਸਰੇ ਪੜਾਅ ’ਚ ਪ੍ਰਿੰਸੀਪਲ ਤਖ਼ਤ ਸਿੰਘ ਗਜ਼ਲ ਪੁਰਸਕਾਰ ਉਸਤਾਦ ਗਜ਼ਲਗੋ ਗੁਰਦੀਪ ਭਾਟੀਆ ਨੂੰ, ਮਾਤਾ ਹਰਬੰਸ ਕੌਰ ਯਾਦਗਾਰੀ ਜਸਵੰਤ ਸਿੰਘ ਕੰਵਲ ਗਲਪ ਪੁਰਸਕਾਰ ਕਹਾਣੀਕਾਰ ਸੁਖਪਾਲ ਥਿੰਦ ਨੂੰ, ਰਾਜਿੰਦਰ ਰਾਜ ਸਵੱਦੀ ਕਾਵਿ ਪੁਰਸਕਾਰ ਕਵੀ ਅਮਰਜੀਤ ਕਾਉਂਕੇ ਨੂੰ, ਪਾਸ਼ ਯਾਦਗਾਰੀ ਪੁਰਸਕਾਰ ਪੱਤਰਕਾਰ ਕਵੀ ਭਗਵਾਨ ਢਿੱਲੋਂ ਨੂੰ, ਸੁਰਜੀਤ ਕੌਰ ਮੌਜੀ ਯਾਦਗਾਰੀ ਪੁਰਸਕਾਰ ਸਤਵਿੰਦਰ ਕੁੱਸਾ ਨੂੰ ਦਿੱਤਾ ਗਿਆ। ਤੀਸਰੇ ਪੜਾਅ ’ਚ ਹਰਬੰਸ ਅਖਾੜਾ ਦਾ ਨਾਵਲ ‘ਰਿਸਦੇ ਜ਼ਖ਼ਮਾਂ ਦਾ ਰੁਦਨ’ ਰਿਲੀਜ਼ ਕੀਤਾ ਗਿਆ।