ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 3 ਜੂਨ
ਮਾਛੀਵਾੜਾ ਤੋਂ 5 ਕਿਲੋਮੀਟਰ ਦੂਰ ਪਿੰਡ ਸਹਿਜੋ ਮਾਜਰਾ ਨੇੜ੍ਹੇ ਸ਼ਰਾਬ ਦਾ ਨਵਾਂ ਠੇਕਾ ਖੁੱਲ੍ਹਣ ’ਤੇ ਪੰਚਾਇਤ ਤੇ ਸਮੂਹ ਵਾਸੀਆਂ ਨੇ ਇਸਦਾ ਡਟਵਾਂ ਵਿਰੋਧ ਕਰਦਿਆਂ ਇਸ ਨੂੰ ਖੁੱਲ੍ਹਣ ਨਾ ਦਿੱਤਾ। ਪਿੰਡ ਦੀ ਸਮੂਹ ਪੰਚਾਇਤ ਜਿਸ ’ਚ ਪੰਚ ਰਣਜੋਧ ਸਿੰਘ, ਇੰਦੀ ਦਿਓਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇੱਕ ਹਫ਼ਤਾ ਪਹਿਲਾਂ ਸ਼ਰਾਬ ਠੇਕੇਦਾਰਾਂ ਵਲੋਂ ਪਿੰਡ ਨੇੜ੍ਹੇ ਨਵਾਂ ਠੇਕਾ ਖੋਲ੍ਹਣ ਲਈ ਸ਼ੈੱਡ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਜਿਸ ਦਾ ਵਿਰੋਧ ਕਰ ਇਹ ਕੰਮ ਬੰਦ ਕਰਵਾ ਦਿੱਤਾ ਗਿਆ ਸੀ ਪਰ ਅੱਜ ਫਿਰ ਜਦੋਂ ਠੇਕੇਦਾਰਾਂ ਨੇ ਠੇਕਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਸਮੂਹ ਵਾਸੀਆਂ ਨੇ ਇਸ ਦਾ ਵਿਰੋਧ ਕਰ ਮੰਗ ਕੀਤੀ ਕਿ ਇਹ ਗੁਰੂ ਗੋਬਿੰਦ ਸਿੰਘ ਮਾਰਗ ਹੈ ਜਿੱਥੇ ਸ਼ਰਾਬ ਠੇਕਾ ਖੋਲ੍ਹਣਾ ਮੰਦਭਾਗਾ ਹੈ, ਇਸ ਲਈ ਸਰਕਾਰ ਤੇ ਪ੍ਰਸਾਸ਼ਨ ਇਸ ਨੂੰ ਨਾ ਖੁੱਲ੍ਹਣ ਦੇਵੇ। ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਮਾਛੀਵਾੜਾ ਪੁਲਸ ਵੀ ਮੌਕੇ ’ਤੇ ਪੁੱਜ ਗਈ ਅਤੇ ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਠਾਕੁਰ ਨੇ ਪਿੰਡ ਵਾਸੀਆਂ ਨੂੰ ਸ਼ਾਂਤ ਕੀਤਾ।