ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 1 ਅਪਰੈਲ
ਰਾਏਕੋਟ ਰੋਡ ’ਤੇ ਸਾਇੰਸ ਕਾਲਜ ਦੇ ਸਾਹਮਣੇ ਸਥਿਤ ਜੀਵਨ ਬਸਤੀ ਦੇ ਲੋਕ ਪਿਛਲੇ ਦੋ ਮਹੀਨਿਆਂ ਤੋਂ ਜਾਮ ਹੋਏ ਸੀਵਰੇਜ ਕਾਰਨ ਓਵਰਫਲੋਅ ਹੋ ਹੋਏ ਗੰਦੇ ਪਾਣੀ ਕਾਰਨ ਬੇਹੱਦ ਪ੍ਰੇਸ਼ਾਨ ਹਨ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਇਸ ਸਬੰਧੀ ਉਹ ਨਗਰ ਕੌਸਲ ਦਫ਼ਤਰ ’ਚ ਜਾ ਕੇ ਈਓ ਨੂੰ ਅਤੇ ਉਸ ਤੋਂ ਬਾਅਦ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੂੰ ਮਿਲ ਕੇ ਸਮੱਸਿਆ ਦੇ ਹੱਲ ਲਈ ਬੇਨਤੀ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਬਸਤੀ ਦੀ ਸੀਵਰੇਜ ਪਾਈਪਲਾਈਨ ਦੀ ਸਪਲਾਈ ਰਾਏਕੋਟ ਰੋਡ ’ਤੇ ਜੁੜੀ ਹੋਈ ਹੈ। ਰਾਏਕੋਟ ਰੋਡ ਦੇ ਮੋੜ ’ਤੇ ਮੈਨਹੋਲ ਕਿਸੇ ਸ਼ਰਾਰਤੀ ਅਨਸਰ ਵੱਲੋਂ ਮਿੱਟੀ ਨਾਲ ਭਰ ਦਿੱਤਾ ਗਿਆ, ਜਿਸ ਕਾਰਨ ਸਾਰੀ ਸਪਲਾਈ ਲਾਈਨ ਬੰਦ ਹੋ ਗਈ। ਗਰਮੀ ਦੇ ਮੌਸਮ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੂੰ ਲਿਖਤੀ ਤੌਰ ’ਤੇ ਬੇਨਤੀ ਕੀਤੀ ਤਾਂ ਉਨ੍ਹਾਂ ਹੈਰਾਨੀਜਨਕ ਜਵਾਬ ਦਿੰਦਿਆਂ ਕਿਹਾ ਕਿ ਜਦੋਂ ਸਮਾਂ ਮਿਲਿਆ ਤਾਂ ਦੇਖਾਂਗੇ। ਮੁਹੱਲਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਬਸਤੀ ਦੀ ਸੀਵਰੇਜ ਪਾਈਪਲਾਈਨ ਦੀ ਸਫ਼ਾਈ ਕਰਵਾਈ ਜਾਵੇ।
ਸਮੱਸਿਆ ਤੁਰੰਤ ਹੱਲ ਕਰਾਂਗੇ: ਕੌਂਸਲ ਪ੍ਰਧਾਨ
ਇਸ ਸਬੰਧੀ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੀਵਨ ਬਸਤੀ ਪੇਂਡੂ ਖੇਤਰ ਵਿਚ ਆਉਂਦੀ ਹੈ। ਉਥੇ ਸਰਪੰਚ ਅਤੇ ਪੰਚਾਇਤ ਹੈ ਪਰ ਇਸ ਦੇ ਬਾਵਜੂਦ ਜੀਵਨ ਬਸਤੀ ਵਿੱਚ ਬੰਦ ਪਏ ਸੀਵਰੇਜ ਨੂੰ ਖੋਲ੍ਹਣ ਲਈ ਤੁਰੰਤ ਕਾਰਵਾਈ ਕੀਤੀ ਜਾਵੇਗੀ।