ਸੰਤੋਖ ਗਿੱਲ
ਗੁਰੂਸਰ ਸੁਧਾਰ, 13 ਜੂਨ
ਕਿਲ੍ਹਾ ਰਾਏਪੁਰ ਪਿੰਡ ਵਿਚ ਗਰਾਂਟਾਂ ਵੰਡਣ ਆਏ ਹਲਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੂੰ ਕਰੀਬ ਤਿੰਨ ਘੰਟੇ ਪਿੰਡ ਵਾਸੀਆਂ ਦੇ ਗ਼ੁੱਸੇ ਦਾ ਸ਼ਿਕਾਰ ਹੋਣਾ ਪਿਆ। ਜ਼ੋਰਦਾਰ ਨਾਅਰੇਬਾਜ਼ੀ ਦੌਰਾਨ ਪਿੰਡ ਵਾਸੀਆਂ ਨੇ ਸੱਤਾਧਾਰੀ ਧਿਰ ਦੇ ਇਕ ਸਿਰਕੱਢ ਆਗੂ ਦੀ ਸ਼ਹਿ ਉੱਤੇ ਨਾਜਾਇਜ਼ ਖ਼ੁਦਾਈ ਦੇ ਝੂਠੇ ਕੇਸ ਵਿਚ ਫਸਾਏ ਗਏ ਕਿਸਾਨ ਸਤਵੀਰ ਸਿੰਘ ਦੀ ਫ਼ੌਰੀ ਰਿਹਾਈ ਅਤੇ ਕੇਸ ਰੱਦ ਕਰਨ ਦੀ ਮੰਗ ਕੀਤੀ। ਵਿਧਾਇਕ ਕੁਲਦੀਪ ਸਿੰਘ ਵੈਦ ਵੱਲੋਂ ਮੌਕੇ ’ਤੇ ਹੀ ਥਾਣਾ ਸਦਰ ਲੁਧਿਆਣਾ ਦੇ ਮੁਖੀ ਜਗਦੇਵ ਸਿੰਘ ਨਾਲ ਫ਼ੋਨ ’ਤੇ ਗੱਲਬਾਤ ਕਰਨ ਬਾਅਦ ਕਿਸਾਨ ਸਤਵੀਰ ਸਿੰਘ ਦੀ ਫ਼ੌਰੀ ਰਿਹਾਈ, ਝੂਠਾ ਕੇਸ ਰੱਦ ਕਰਨ ਤੋਂ ਇਲਾਵਾ ਪਰਚਾ ਦਰਜ ਕਰਨ ਵਾਲੇ ਸਹਾਇਕ ਥਾਣੇਦਾਰ ਪ੍ਰਿਤਪਾਲ ਸਿੰਘ ਨੂੰ ਲਾਈਨ ਹਾਜ਼ਰ ਕਰਨ ਦਾ ਭਰੋਸਾ ਦਿੱਤਾ ਗਿਆ।
ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰਨ ਵਾਲੇ ਪਿੰਡ ਦੇ ਸਰਪੰਚ ਗਿਆਨ ਸਿੰਘ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਪ੍ਰਧਾਨ ਭਜਨ ਸਿੰਘ, ਸੋਹਣ ਸਿੰਘ, ਵੀਰੂ ਗਰੇਵਾਲ, ਦਿਲਪ੍ਰੀਤ ਸਿੰਘ, ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੋਹੀ, ਹਰਨੇਕ ਸਿੰਘ ਗੁੱਜਰਵਾਲ, ਅਮਰੀਕ ਸਿੰਘ ਜੜਤੌਲੀ, ਗੁਰਉਪਦੇਸ਼ ਸਿੰਘ ਘੁੰਗਰਾਣਾ, ਜਸਪ੍ਰੀਤ ਸਿੰਘ ਰੰਗੂਵਾਲ, ਸੁਰਜੀਤ ਸਿੰਘ ਸੀਲੋਂ ਨੇ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਪੁਲੀਸ ਅਧਿਕਾਰੀਆਂ ਅਤੇ ਸੱਤਾਧਾਰੀਆਂ ਦੀ ਸ਼ਹਿ ’ਤੇ ਸ਼ਰੇਆਮ ਨਾਜਾਇਜ਼ ਖ਼ੁਦਾਈ ਹੋ ਰਹੀ ਹੈ ਪਰ ਆਪਣੇ ਖੇਤ ਵਿਚੋਂ ਮਿੱਟੀ ਚੁੱਕ ਕੇ ਘਰ ਭਰਤ ਪਾਉਣ ਵਾਲੇ ਕਿਸਾਨਾਂ ਉੱਪਰ ਕੇਸ ਦਰਜ ਕੀਤੇ ਜਾ ਰਹੇ ਹਨ। ਨੌਕਰਸ਼ਾਹ ਤੋਂ ਰਾਜਨੀਤੀਵਾਨ ਬਣੇ ਵਿਧਾਇਕ ਕੁਲਦੀਪ ਸਿੰਘ ਵੈਦ ਦੀ ਮੌਜੂਦਗੀ ਵਿਚ ਲੋਕਾਂ ਨੇ ਹੱਦਾਂ ਬੰਨ੍ਹੇ ਟੱਪ ਚੁੱਕੇ ਭ੍ਰਿਸ਼ਟਾਚਾਰ ਦੇ ਵੀ ਦੋਸ਼ ਲਾਏ ਅਤੇ ਕੁਝ ਆਗੂਆਂ ਵੱਲੋਂ ਸ਼ਰ੍ਹੇਆਮ ਰਾਜਨੀਤਿਕ ਧੌਂਸ ਅਤੇ ਬਦਲਾ-ਲਊ ਭਾਵਨਾ ਨਾਲ ਕੰਮ ਕਰਨ ਦੇ ਵੀ ਦੋਸ਼ ਲਾਏ।
ਥਾਣਾ ਸਦਰ ਲੁਧਿਆਣਾ ਦੇ ਮੁਖੀ ਜਗਦੇਵ ਸਿੰਘ ਨਾਲ ਸੰਪਰਕ ਕਰਨ ’ਤੇ ਥਾਣੇਦਾਰ ਪ੍ਰਿਤਪਾਲ ਸਿੰਘ ਨੂੰ ਲਾਈਨ ਹਾਜ਼ਰ ਕਰਨ ਅਤੇ ਸਤਵੀਰ ਸਿੰਘ ਵਿਰੁੱਧ ਕੇਸ ਬਾਰੇ ਪੱਲਾ ਝਾੜਦਿਆਂ ਕਿਹਾ ਕਿ ਮੈਂ ਤਾਂ ਛੁੱਟੀ ’ਤੇ ਸੀ ਅਤੇ ਕੁਝ ਸਮੇਂ ਵਿਚ ਮੈਂ ਇਸ ਬਾਰੇ ਦੱਸ ਸਕਾਂਗਾ ਪਰ ਮੁੜ ਉਸ ਨੇ ਫ਼ੋਨ ਦਾ ਉਤਰ ਹੀ ਨਹੀਂ ਦਿੱਤਾ। ਉੱਧਰ ਸਰਪੰਚ ਗਿਆਨ ਸਿੰਘ ਨੇ ਕਿਹਾ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮਸ਼ਵਰਾ ਕਰਨ ਬਾਅਦ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਕਿਸਾਨ ਆਗੂ ਗੁਰਦੀਪ ਸਿੰਘ, ਦਿਲਜੋਤ ਸਿੰਘ, ਪਵਨਪ੍ਰੀਤ ਸਿੰਘ, ਰਮਨ, ਸੁਖਜੀਤ ਸਿੰਘ, ਗੁਰਜੀਤ ਸਿੰਘ, ਬਲਵਿੰਦਰ ਸਿੰਘ ਜੱਗਾ ਸਮੇਤ ਗ਼ੁੱਸੇ ਨਾਲ ਭਰੇ ਪੀਤੇ ਵੱਡੀ ਗਿਣਤੀ ਪਿੰਡ ਵਾਸੀ ਮੌਜੂਦ ਸਨ।