ਗੁਰਿੰਦਰ ਸਿੰਘ
ਲੁਧਿਆਣਾ, 5 ਫਰਵਰੀ
ਉੱਘੇ ਲੇਖਕ ਤੇ ਕਵੀ ਸਤਿਨਾਮ ਸਿੰਘ ਕੋਮਲ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਧਿਆਤਮਕ ਤੇ ਰੂਹਾਨੀਅਤ ਭਰਪੂਰ ਕਾਵਿਕ ਰਚਨਾਵਾਂ ਦੀ ਪੁਸਤਕ ‘ਸਿਫ਼ਤ ਤੇਰੀ ਕਲਮ ਮੇਰੀ’ ਰਿਲੀਜ਼ ਕਰਨ ਲਈ ਇਕ ਸਮਾਗਮ ਕੀਤਾ ਗਿਆ, ਜਿਸ ਵਿੱਚ ਪਦਮ ਸ੍ਰੀ ਡਾ. ਸੁਰਜੀਤ ਪਾਤਰ ਸਮੇਤ ਕਈ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸ੍ਰੀ ਪਾਤਰ ਨੇ ਕਿਹਾ ਕਿ ਸਤਿਨਾਮ ਸਿੰਘ ਕੋਮਲ ਵੱਲੋਂ ਲਿਖੀਆਂ ਕਾਵਿ ਰਚਨਾਵਾਂ ਅੰਦਰ ਜਿੱਥੇ ਰੱਬੀ ਰੰਗ ਦੀ ਠੰਡੀ ਮਿੱਠੀ ਫੁਹਾਰ ਦੇਖਣ ਨੂੰ ਮਿਲਦੀ ਹੈ ਉੱਥੇ ਉਨ੍ਹਾਂ ਦੀਆਂ ਸੋਜ ਭਰੀਆਂ ਗਜ਼ਲਾਂ ਤੜਪਦੇ ਹਿਰਦਿਆਂ ਨੂੰ ਫ਼ਕੀਰਾਨਾ ਅੰਦਾਜ਼ ਵਿੱਚ ਸ਼ਾਤ ਕਰਦੀਆਂ ਪ੍ਰਤੀਤ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪੁਸਤਕ ਰੱਬੀ ਸਿਫ਼ਤ ਸਲਾਹ ਦਾ ਉਹ ਅਨਮੋਲ ਖਜ਼ਾਨਾ ਹੈ ਜਿਸ ਵਿੱਚ ਲੇਖਕ ਵੱਲੋਂ ਲਿਖੇ ਹੋਏ ਕਾਵਿ ਗੀਤਾਂ ਤੇ ਗਜ਼ਲਾਂ ਵਿੱਚੋਂ ਮਨੁੱਖ ਨੂੰ ਪ੍ਰਮਾਤਮਾ ਦੀ ਬੰਦਗੀ ਕਰਨ ਅਤੇ ਆਪਣੇ ਅੰਦਰ ਅਧਿਆਤਮਕ ਤੇ ਰੂਹਾਨੀਅਤ ਨਾਲ ਜੁੜਨ ਦਾ ਚਾਉ ਪੈਦਾ ਕਰਨ ਦੀ ਹੂਕ ਸੁਣਾਈ ਦਿੰਦੀ ਹੈ।