ਗੁਰਿੰਦਰ ਸਿੰਘ
ਲੁਧਿਆਣਾ, 1 ਮਈ
ਏਟਕ, ਜੁਆਇੰਟ ਕੌਂਸਲ ਆਫ਼ ਟ੍ਰੇਡ ਯੂਨੀਅਨਾਂ ਅਤੇ ਨਗਰ ਨਿਗਮ ਦੀਆਂ ਵੱਖ-ਵੱਖ ਯੂਨੀਅਨਾਂ ਤੋਂ ਇਲਾਵਾ ਹੋਰ ਸੰਗਠਨਾਂ ਵੱਲੋਂ ਮਈ ਦਿਵਸ ਮੌਕੇ ਬੱਸ ਸਟੈਂਡ ’ਤੇ ਰੈਲੀ ਕੀਤੀ ਗਈ, ਜਿਸ ਵਿੱਚ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੀਆਂ ਮਜ਼ਦੂਰ-ਮੁਲਾਜ਼ਮ ਨੀਤੀਆਂ ਦੇ ਰੋਸ ਵਜੋਂ ਸੰਘਰਸ਼ ਤੇਜ਼ ਕਰਨ ਦਾ ਫ਼ੈਸਲਾ ਕਰਦਿਆਂ ਆਪਣੇ ਅਧਿਕਾਰਾਂ ਦੀ ਰਾਖੀ ਦੇ ਨਾਲ ਨਾਲ ਸੰਘ ਪਰਿਵਾਰ ਦੀ ਫ਼ਿਰਕੂ ਲੀਹਾਂ ’ਤੇ ਸਮਾਜ ਨੂੰ ਵੰਡਣ ਅਤੇ ਮਜ਼ਦੂਰ ਲਹਿਰਾਂ ਨੂੰ ਤੋੜਨ ਦੀ ਸਾਜ਼ਿਸ਼ ਖਿਲਾਫ਼ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਏਟਕ ਪੰਜਾਬ ਦੇ ਸੀਨੀਆਰ ਮੀਤ ਪ੍ਰਧਾਨ ਅਤੇ ਜੁਆਇੰਟ ਕੌਂਸਲ ਆਫ਼ ਟ੍ਰੇਡ ਯੂਨੀਅਨਜ਼ ਦੇ ਜਨਰਲ ਸਕੱਤਰ ਡੀਪੀ ਮੌੜ ਨੇ ਕਿਹਾ ਕਿ ਆਰਐੱਸਐੱਸ ਦੀ ਅਗਵਾਈ ਹੇਠ ਚਲ ਰਹੀ ਮੋਦੀ ਸਰਕਾਰ ਖੁੱਲ੍ਹੇਆਮ ਦੇਸ਼ ਨੂੰ ਵਿਦੇਸ਼ੀ ਪੂੰਜੀਪਤੀਆਂ ਨੂੰ ਸੌਂਪਣ ਲੱਗੀ ਹੈ, ਜਿਸ ਕਾਰਨ ਸਾਡੇ ਦੇਸ਼ ਦੀ ਪੂੰਜੀ ਦੇਸੀ ਅਤੇ ਵਿਦੇਸ਼ੀ ਪੂਜੀਪਤੀਆਂ ਦੇ ਕਬਜ਼ੇ ਵਿੱਚ ਜਾ ਰਹੀ ਹੈ। ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਆਗੂ ਪਰਵੀਨ ਕੁਮਾਰ ਨੇ ਠੇਕੇ ’ਤੇ ਰੱਖੇ ਟੀਚਰਾਂ ਨੂੰ ਪੱਕਾ ਕਰਨ ਦੀ ਮੰਗ ਕੀਤੀ ਜਦ ਕਿ ਜ਼ਿਲ੍ਹਾ ਲੁਧਿਆਣਾ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਬੈਂਸ ਨੇ ਮੁਲਾਜ਼ਮਾਂ ਦੇ ਮਸਲੇ ਫੌਰੀ ਤੌਰ ’ਤੇ ਹੱਲ ਕਰਨ ਦੀ ਮੰਗ ਕੀਤੀ। ਹੌਜ਼ਰੀ ਯੂਨੀਅਨ ਦੇ ਆਗੂ ਕਾਮਰੇਡ ਰਾਮਰੀਤ ਯਾਦਵ ਨੇ ਹੌਜ਼ਰੀ ਕਾਮਿਆਂ ਦੀਆਂ ਮੁਸ਼ਕਿਲਾਂ ਬਾਰੇ ਰੌਸ਼ਨੀ ਪਾਈ। ਰੈਲੀ ਨੂੰ ਕਾਮਰੇਡ ਮਨਜੀਤ ਗਿੱਲ, ਐੱਮਐੱਸ ਭਾਟੀਆ, ਕਾਮਰੇਡ ਰਣਧੀਰ ਸਿੰਘ ਧੀਰਾ, ਬਲਵੀਰ ਕੌਰ, ਕਾਮਰੇਡ ਕੇਵਲ ਸਿੰਘ ਬਨਵੈਤ, ਚਮਕੌਰ ਸਿੰਘ, ਰਛਪਾਲ ਸਿੰਘ ਅਤੇ ਸੁਖਵੰਤ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਇਸੇ ਤਰ੍ਹਾਂ ਸੀਟੀਯੂ ਪੰਜਾਬ ਦੇ ਝੰਡੇ ਹੇਠ ਮਜ਼ਦੂਰ ਜਮਾਤ ਵੱਲੋਂ ਵਿਸ਼ਵ ਮਜ਼ਦੂਰ ਦਿਵਸ ਫੋਕਲ ਪੁਆਇੰਟ ਬਜਾਜ ਸਨਜ਼ ਦੇ ਨਜ਼ਦੀਕ ਕਾਮਰੇਡ ਜਗਦੀਸ਼ ਚੰਦ, ਪ੍ਰਧਾਨ ਪਰਮਜੀਤ ਸਿੰਘ ਅਤੇ ਬਲਰਾਮ ਸਿੰਘ ਦੀ ਅਗਵਾਈ ਵਿੱਚ ਬਜਾਜ ਸਨਜ਼ ਦੇ ਗੇਟ ’ਤੇ ਝੰਡਾ ਲਹਰਾਇਆ। ਇਸ ਮੌਕੇ ਕਾਮਰੇਡ ਮੰਗਤ ਰਾਮ ਪਾਸਲਾ ਨੇ ਮਜ਼ਦੂਰ ਵਰਗ ਨੂੰ ਸੱਦਾ ਦਿੱਤਾ ਕਿ ਉਹ ਆਪਣੀ ਜ਼ਿੰਦਗੀ ਨੂੰ ਚੰਗਾ ਬਣਾਉਣ ਲਈ ਸੰਘਰਸ਼ ਕਰ ਕੇ ਮਿਹਨਤਕਸ਼ਾ ਦਾ ਰਾਜ ਭਾਰਤ ਵਿੱਚ ਲਿਆਉਣ। ਇਸ ਮੌਕੇ ਕਾਮਰੇਡ ਅਮਰਜੀਤ ਮੱਟੂ ਅਤੇ ਕਾਮਰੇਡ ਜਗਦੀਸ਼ ਚੰਦ ਨੇ ਵੀ ਸੰਬੋਧਨ ਕੀਤਾ।
ਟੈਕਨੀਕਲ ਸਰਵਿਸ ਯੂਨੀਅਨ ਅਤੇ ਪੀਐੱਸਈਬੀ ਐਂਪਲਾਈਜ਼ ਫੈਡਰੇਸ਼ਨ ਏਟਕ ਨੇ ਐਡੀਸ਼ਨਲ ਐੱਸਡੀਓ ਰਘਵੀਰ ਸਿੰਘ ਸਰਕਲ ਸਕੱਤਰ ਟੀਐੱਸਯੂ ਅਤੇ ਮੇਵਾ ਸਿੰਘ ਸਾਬਕਾ ਪ੍ਰਧਾਨ ਏਟਕ ਦੀ ਅਗਵਾਈ ਹੇਠ 220 ਕੇਵੀ ਬਿਜਲੀ ਘਰ ਅਤੇ 66 ਕੇਵੀ ਬਿਜਲੀ ਘਰ ਮੇਹਰਬਾਨ ਤੇ ਨੂਰਵਾਲਾ ਦੇ ਗੇਟ ਉੱਤੇ ਲਾਲ ਝੰਡੇ ਲਹਿਰਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਉਚੇਚੇ ਤੌਰ ’ਤੇ ਟੀਐੱਸਯੂ ਦੇ ਸਾਬਕਾ ਸੂਬਾ ਮੀਤ ਪ੍ਰਧਾਨ ਜਗੀਰ ਸਿੰਘ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਸੂਬਾਈ ਆਗੂ ਕਾਮਰੇਡ ਕਸਤੂਰੀ ਲਾਲ ਪੁੱਜੇ। ਪੂਰਵਾਂਚਲ ਜਨ ਕਲਿਆਣ ਸੰਗਠਨ ਵੱਲੋਂ ਮਨਦੀਪ ਕਲੋਨੀ ਲੋਹਾਰਾ ’ਚ ਪ੍ਰਧਾਨ ਰਾਜੇਸ਼ ਮਿਸ਼ਰਾ ਦੀ ਅਗਵਾਈ ਹੇਠ ਕਰਵਾਏ ਸਮਾਗਮ ਵਿੱਚ ਵੱਡੀ ਗਿਣਤੀ ’ਚ ਮਜ਼ਦੂਰ ਸ਼ਾਮਲ ਹੋਏ। ਬਾਬਾ ਵਿਸ਼ਵਕਰਮਾ ਫਾਊਂਡੇਸ਼ਨ ਵਲੋਂ ਪੰਜ ਕਿਰਤੀ ਮਜ਼ਦੂਰਾਂ ਸੁਖਦੇਵ ਸਿੰਘ ਮਠਾੜੂ, ਹਰਜੀਤ ਸਿੰਘ, ਸਤਨਾਮ ਸਿੰਘ, ਮੋਹਨ ਸਿੰਘ ਜੈਮਲ ਅਤੇ ਕੁਲਵੰਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
ਜਨਤਕ ਜਥੇਬੰਦੀਆਂ ਨੇ ਥਾਣੇ ਮੂਹਰੇ ਮਨਾਇਆ ਮਜ਼ਦੂਰ ਦਿਵਸ
ਜਗਰਾਉਂ (ਜਸਬੀਰ ਸ਼ੇਤਰਾ): ਕੁਲਵੰਤ ਕੌਰ ਰਸੂਲਪੁਰ ਕੇਸ ’ਚ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਚੱਲ ਰਹੇ ਅਣਮਿਥੇ ਸਮੇਂ ਦੇ ਧਰਨੇ ਦਰਮਿਆਨ ਸੰਘਰਸ਼ੀਲ ਜਥੇਬੰਦੀਆਂ ਨੇ ਅੱਜ ਕੌਮਾਂਤਰੀ ਮਜ਼ਦੂਰ ਦਿਵਸ ਵੀ ਥਾਣੇ ਮੂਹਰੇ ਮਨਾਇਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਸਾਧੂ ਸਿੰਘ ਅੱਚਰਵਾਲ, ਪੇਂਡੂ ਮਜ਼ਦੂਰ ਯੂਨੀਅਨ ਅਵਤਾਰ ਸਿੰਘ ਰਸੂਲਪੁਰ ਤੇ ਸੁਖਦੇਵ ਸਿੰਘ ਮਾਣੂੰਕੇ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਚਰਨ ਸਿੰਘ ਨੂਰਪੁਰਾ ਤੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਨੂਰਪੁਰਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਤੇ ਬਲਾਕ ਪ੍ਰਧਾਨ ਇੰਦਰਜੀਤ ਸਿੰਘ ਧਾਲੀਵਾਲ, ਦਰਸ਼ਨ ਸਿੰਘ ਗਾਲਬਿ, ਸਾਬਕਾ ਅਧਿਆਪਕ ਆਗੂ ਮਾਸਟਰ ਜੋਗਿੰਦਰ ਅਜ਼ਾਦ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ ਤੇ ਸਰਵਿੰਦਰ ਸਿੰਘ ਸੁਧਾਰ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ, ਮਦਨ ਜਗਰਾਉਂ ਨੇ ਜਿਥੇ ਮੌਨ ਧਾਰ ਕੇ ਮਈ ਦੇ ਸ਼ਹੀਦਾਂ ਨੂੰ ਸਰਧਾਂਜਲੀ ਦਿੱਤੀ, ਉਥੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਇਸ ਗੱਲੋਂ ਰੱਜ਼ ਕੇ ਨਿੰਦਾ ਕੀਤੀ ਕਿ ਇਸ ਨੂੰ ਸਵਾ ਮਹੀਨੇ ਤੋਂ ਕੜਕਦੀ ਧੁੱਪ ’ਚ ਬੈਠੇ ਇਨਸਾਫ਼ਪਸੰਦ ਲੋਕਾਂ ’ਤੇ ਤਰਸ ਨਹੀਂ ਆ ਰਿਹਾ। ਬੁਲਾਰਿਆਂ ਨੇ ਕਿਹਾ ਕਿ ‘ਆਪ’ ਸਰਕਾਰ ਤੇ ਹਲਕਾ ਵਿਧਾਇਕ ਲੋਕਾਂ ਦਾ ਸਬਰ ਪਰਖ ਰਹੇ ਹਨ। ਇਸ ਸਮੇਂ ਪ੍ਰਸ਼ਾਸਨ ਵਲੋਂ ਧਰਨੇ ’ਚ ਪਹੁੰਚੇ ਐੱਸਪੀ ਗੁਰਦੀਪ ਸਿੰਘ, ਐੱਸਪੀ ਪ੍ਰਿਥੀਪਾਲ ਸਿੰਘ, ਡੀਐੱਸਪੀ ਦਲਜੀਤ ਸਿੰਘ ਨੇ ਧਰਨਾਕਾਰੀਆਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ ਤੇ ਮਾਤਾ ਨੂੰ ਭੁੱਖ ਹੜਤਾਲ ਤਿਆਗਣ ਦੀ ਬੇਨਤੀ ਕੀਤੀ। ਆਗੂਆਂ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਵਾਸਤੇ ਅਗਲੀ ਰਣਨੀਤੀ ਘੜਨ ਅਤੇ ਹਲਕਾ ਵਿਧਾਇਕਾ ਦੇ ਘਿਰਾਓ ਸਬੰਧੀ ਜਲਦੀ ਹੀ ਸੰਘਰਸ਼ੀਲ ਜਥੇਬੰਦੀਆਂ ਦੀ ਮੀਟਿੰਗ ਬੁਲਾਈ ਜਾ ਰਹੀ ਹੈ। ਇਸੇ ਤਰ੍ਹਾਂ ਇਥੋਂ ਦੇ ਸ਼ਹੀਦ ਨਛੱਤਰ ਸਿੰਘ ਯਾਦਗਾਰੀ ਹਾਲ ’ਚ ਇਨਕਲਾਬੀ ਕੇਂਦਰ ਪੰਜਾਬ, ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪਹਿਲੀ ਮਈ ਦੇ ਕੌਮਾਂਤਰੀ ਦਿਹਾੜੇ ’ਤੇ ਵਿਚਾਰ ਚਰਚਾ ਕੀਤੀ ਗਈ।