ਪੱਤਰ ਪ੍ਰੇਰਕ
ਮਾਛੀਵਾੜਾ, 21 ਮਈ
ਕੂੰਮਕਲਾਂ ਪੁਲੀਸ ਥਾਣਾ ਵਿੱਚ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਹੇਠ ਅਜੈ ਕੁਮਾਰ ਸਾਹਨੀ ਵਾਸੀ ਗੋਰਖਪੁਰ ਦੇਵਰੀਆ (ਯੂਪੀ) ਹਾਲ ਵਾਸੀ ਮਾਹਲ ਘੁਮਾਣਾ ਨੇੜੇ ਸਤਲੁਜ ਬੰਨ੍ਹ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਲੜਕੀ ਦੀ ਮਾਤਾ ਲਲਿਤਾ ਦੇਵੀ ਵਲੋਂ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਸਤਲੁਜ ਦਰਿਆ ਬੰਨ੍ਹ ’ਤੇ ਝੁੱਗੀਆਂ ਬਣਾ ਕੇ ਰਹਿੰਦੇ ਹਨ। ਉਸ ਦੀ ਇੱਕ ਲੜਕੀ ਸੰਗੀਤਾ (ਕਾਲਪਨਿਕ ਨਾਂ) ਦਾ 2020 ਵਿਚ ਵਿਆਹ ਹੋਇਆ ਸੀ ਅਤੇ 2021 ਵਿਚ ਉਸ ਦੇ ਇੱਕ ਮ੍ਰਿਤਕ ਬੱਚਾ ਪੈਦਾ ਹੋਇਆ ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿ ਰਹੀ ਸੀ। ਬਿਆਨਕਰਤਾ ਅਨੁਸਾਰ ਉਸ ਦੀ ਛੋਟੀ ਲੜਕੀ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਅਤੇ ਉਹ ਸਾਰੇ ਉਸ ’ਚ ਰੁਝੇ ਹੋਏ ਸਨ। ਕਰੀਬ ਰਾਤ ਸਵਾ 9 ਵਜੇ ਵਿਆਹ ਵਾਲੇ ਮਾਹੌਲ ਦੌਰਾਨ ਉਸ ਨੂੰ ਆਪਣੀ ਵੱਡੀ ਲੜਕੀ ਸੰਗੀਤਾ ਦਿਖਾਈ ਨਾ ਦਿੱਤੀ ਅਤੇ ਜਦੋਂ ਉਨ੍ਹਾਂ ਤਲਾਸ਼ ਕਰਨੀ ਸ਼ੁਰੂ ਕੀਤੀ ਤਾਂ ਦੇਖਿਆ ਕਿ ਅਜੈ ਕੁਮਾਰ ਸਾਹਨੀ ਉਸ ਦੀ ਧੀ ਨਾਲ ਜ਼ਬਰ ਜਨਾਹ ਕਰ ਰਿਹਾ ਸੀ। ਰੌਲਾ ਪਾਉਣ ’ਤੇ ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।