ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 28 ਮਈ
ਥਾਣਾ ਸਦਰ ਅਹਿਮਦਗੜ੍ਹ ਹੇਠ ਪੈਂਦੇ ਪਿੰਡ ਰਾਣਵਾਂ ਵਿੱਚ ਸਥਿਤ ਉਦਾਸੀਨ ਸੋਨੀ ਆਤਮਾਰਾਮ ਡੇਰਾ ਵਿੱਚੋਂ ਬੀਤੀ ਰਾਤ ਛੇ ਅਣਪਛਾਤੇ ਹਥਿਆਰਬੰਦ ਲੁਟੇਰੇ ਨੇ ਤਿੰਨ ਲੱਖ ਤੀਹ ਹਜ਼ਾਰ ਰੁਪਏ ਅਤੇ ਕੀਮਤੀ ਮੋਬਾਈਲ ਲੁੱਟ ਕੇ ਲੈ ਗਏ।
ਭਾਵੇਂ ਡੇਰੇ ਵਿੱਚ ਸੁਰੱਖਿਆ ਲਈ ਹੂਟਰ ਲੱਗਿਆ ਹੋਇਆ ਹੈ, ਪਰ ਡੇਰੇ ਦੇ ਪ੍ਰਬੰਧਕਾਂ ਵੱਲੋਂ ਅੱਜ ਦਿਨ ਚੜ੍ਹਨ ਤੋਂ ਬਾਅਦ ਪੁਲੀਸ ਨੂੰ ਸੂਚਿਤ ਕੀਤਾ ਗਿਆ। ਇਸ ਮਗਰੋਂ ਉੱਚ ਅਧਿਕਾਰੀਆਂ ਨੇ ਸਾਰਾ ਦਿਨ ਪੜਤਾਲ ਕੀਤੀ ਅਤੇ ਸ਼ਾਮ ਵੇਲੇ ਡੇਰਾ ਮੁਖੀ ਮਹੰਤ ਸੰਤ ਰਾਮ ਵਾਸੀ ਈਸਾਪੁਰ ਵੱਲੋਂ ਬਿਆਨ ਲਿਖਾਏ ਜਾਣ ਤੋਂ ਬਾਅਦ ਕਨੂੰਨੀ ਕਾਰਵਾਈ ਸ਼ੁਰੂ ਕੀਤੀ। ਹਾਲੇ ਤੱਕ ਕਿਸੇ ਮੁਲਜ਼ਮ ਦੀ ਪਛਾਣ ਨਹੀਂ ਹੋਈ। ਥਾਣਾ ਸਦਰ ਵਿੱਚ ਦਿੱਤੀ ਸ਼ਿਕਾਇਤ ਅਨੁਸਾਰ, ਮਹੰਤ ਸੰਤ ਰਾਮ ਅਤੇ ਉਨ੍ਹਾਂ ਦਾ ਸਹਾਇਕ ਹਰਜੀਤ ਸਿੰਘ ਵਾਸੀ ਘੁਡਾਣੀ ਕਲਾਂ ਬੀਤੀ ਰਾਤ ਸੁੱਤ ਪਏ ਸਨ। ਰਾਤ ਲਗਪਗ ਇੱਕ ਵਜੇ ਕੁੱਝ ਆਵਾਜ਼ਾਂ ਸੁਣ ਕੇ ਜਦੋਂ ਸੰਤ ਰਾਮ ਨੇ ਜਾਲੀ ਵਾਲੇ ਦਰਵਾਜ਼ੇ ਵਿੱਚੋਂ ਬਾਹਰ ਦੇਖਿਆ ਤਾਂ ਛੇ ਹਥਿਆਰਬੰਦ ਵਿਅਕਤੀ ਮੂੰਹ ਢਕੇ ਹੋਏ ਡੇਰੇ ਅੰਦਰ ਦਾਖ਼ਲ ਹੋਏ। ਇਨ੍ਹਾਂ ਵਿੱਚੋਂ ਚਾਰ ਲੁਟੇਰੇ ਦਰਵਾਜ਼ੇ ਦੀ ਜਾਲੀ ਕੱਟ ਕੇ ਕਮਰੇ ਅੰਦਰ ਦਾਖ਼ਲ ਹੋ ਗਏ। ਹਥਿਆਰਾਂ ਨਾਲ ਧਮਕਾ ਕੇ ਲੁਟੇਰੇ ਅਲਮਾਰੀਆਂ ਖੋਲ੍ਹ ਕੇ ਤਿੰਨ ਲੱਖ ਤੀਹ ਹਜ਼ਾਰ ਰੁਪਏ ਲੁੱਟ ਕੇ ਲੈ ਗਏ ਅਤੇ ਜਾਂਦੇ ਹੋਏ ਸਮਾਰਟ ਫੋਨ ਵੀ ਲੈ ਗਏ। ਸੰਤ ਰਾਮ ਨੂੰ ਬਾਅਦ ਵਿੱਚ ਪਤਾ ਲੱਗਿਆ ਕੇ ਦੋ ਵਿਅਕਤੀ ਹਰਜੀਤ ਸਿੰਘ ਦੇ ਕਮਰੇ ਵਿੱਚ ਓਨੀ ਦੇਰ ਬੈਠੇ ਰਹੇ ਜਦੋਂ ਤੱਕ ਬਾਕੀ ਚਾਰਾਂ ਨੇ ਆਪਣਾ ਕੰਮ ਖ਼ਤਮ ਨਹੀਂ ਕਰ ਲਿਆ। ਜਾਣ ਤੋਂ ਪਹਿਲਾਂ ਉਹ ਹਰਜੀਤ ਸਿੰਘ ਨੂੰ ਵੀ ਬਾਹਰੋਂ ਕੁੰਡੀ ਲਗਾ ਗਏ। ਥਾਣਾ ਮੁਖੀ ਸਿਕੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਪੜਾਤਲ ਸ਼ੁਰੂ ਕਰ ਦਿੱਤੀ ਹੈ।