ਗੁਰੂਸਰ ਸੁਧਾਰ (ਸੰਤੋਖ ਗਿੱਲ): ਲਖੀਮਪੁਰ-ਖੀਰੀ ਘਟਨਾ ਖ਼ਿਲਾਫ਼ ਲੁਧਿਆਣਾ-ਬਠਿੰਡਾ ਰਾਜ ਮਾਰਗ ਉੱਪਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਜ਼ੋਰਦਾਰ ਨਾਅਰੇਬਾਜ਼ੀ ਦੌਰਾਨ ਮੁੱਖ ਬਜ਼ਾਰ ਵਿਚ ਰੈਲੀ ਵੀ ਕੀਤੀ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਹਕੂਮਤ ਦੇ ਹੰਕਾਰ ਅਤੇ ਯੋਗੀ ਸਰਕਾਰ ਦੀ ਸ਼ਹਿ ਉੱਪਰ ਸੱਤਾਧਾਰੀ ਧਿਰ ਦੇ ਗੁੰਡਿਆਂ ਖ਼ਾਸਕਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੇ ਦਿਨ ਦਿਹਾੜੇ ਆਪਣੀ ਗੱਡੀ ਨਾਲ ਦਰੜ ਕੇ ਚਾਰ ਕਿਸਾਨਾਂ ਅਤੇ ਇਕ ਪੱਤਰਕਾਰ ਨੂੰ ਸ਼ਹੀਦ ਕੀਤਾ ਹੈ। ਉਨ੍ਹਾਂ ਕਾਤਲਾਂ ਦੀ ਫ਼ੌਰੀ ਗ੍ਰਿਫ਼ਤਾਰੀ ਅਤੇ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ। ਕਿਸਾਨ ਆਗੂ ਪਵਨਜੀਤ ਸਿੰਘ ਗਿੱਲ, ਇੰਦਰਜੀਤ ਸਿੰਘ ਗਿੱਲ, ਸਹਿਕਾਰੀ ਸਭਾ ਦੇ ਪ੍ਰਧਾਨ ਹਰਮੇਲ ਸਿੰਘ ਗਿੱਲ, ਹਰਿੰਦਰਪਾਲ ਸਿੰਘ ਲਾਲੀ, ਮਾਸਟਰ ਮਲਕੀਤ ਸਿੰਘ, ਨਿਰਮਲ ਸਿੰਘ ਵਿਰਕ, ਅਮਨਦੀਪ ਸਿੰਘ ਗਿੱਲ ਅਤੇ ਰੁਪਿੰਦਰ ਸਿੰਘ ਪੱਪਾ ਨੇ ਦਿੱਲੀ ਦੀਆਂ ਸਰਹੱਦਾਂ ਉੱਪਰ ਕਿਸਾਨ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਅਤੇ ਸ਼ਾਂਤਮਈ ਸੰਘਰਸ਼ ਜਾਰੀ ਰੱਖਣ ਦਾ ਅਹਿਦ ਦੁਹਰਾਇਆ।