ਨਿੱਜੀ ਪੱਤਰ ਪ੍ਰੇਰਕ
ਖੰਨਾ, 18 ਨਵੰਬਰ
ਇੱਥੇ ਅੱਜ ਬਿਜਲੀ ਬੋਰਡ ਨਾਲ ਸਬੰਧਤ ਟੈਕਨੀਕਲ ਸਰਵਿਸਿਜ਼ ਯੂਨੀਅਨ ਦੀਆਂ ਵੱਖ-ਵੱਖ ਜੱਥੇਬੰਦੀਆਂ ਨੇ ਸਾਂਝੇ ਰੂਪ ਵਿਚ ਇੱਕਠ ਕਰਕੇ ਪਾਵਰਕੌਮ ਟ੍ਰਾਂਸਕੋ ਮੈਨੇਜਮੈਂਟ ਖਿਲਾਫ਼ ਰੋਸ ਰੈਲੀ ਕੱਢੀ। ਇਸ ਮੌਕੇ ਬਿਜਲੀ ਕਾਮਿਆਂ ਨੇ 26 ਨਵੰਬਰ ਤੱਕ ਸਮੂਹਿਕ ਛੁੱਟੀ ’ਤੇ ਜਾਣ ਦਾ ਫੈਸਲਾ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਰਤਾਰ ਚੰਦ, ਮਨੀ ਰਾਮ, ਗੁਰਚਰਨ ਸਿੰਘ ਅਤੇ ਸੁਖਵੀਰ ਸਿੰਘ ਨੇ ਮੰਗ ਕੀਤੀ ਕਿ 2011 ਤੋਂ ਬਿਜਲੀ ਮੁਲਾਜ਼ਮਾਂ ਦੇ ਪੇ-ਬੈਂਡ ਦਾ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨਾਲੋਂ ਫਰਕ ਕਾਇਮ ਰੱਖਦੇ ਹੋਏ ਵਾਧਾ ਕੀਤਾ ਜਾਵੇ, ਪਟਿਆਲਾ ਸਰਕਾਰ ਤੋਂ ਡਿਸਮਿਸ ਕੀਤੇ ਸਾਥੀ ਬਿਨਾਂ ਸ਼ਰਤ ਬਹਾਲ ਕੀਤੇ ਜਾਣ, 33 ਫ਼ੀਸਦ ਪੈਨਸ਼ਨ ਕਟੌਤੀ ਦਾ ਫੈਸਲਾ ਵਾਪਸ ਲਿਆ ਜਾਵੇ, ਤਨਖਾਹ ਸਕੇਲ ਦੋ ਧਿਰੀ ਗੱਲਬਾਤ ਰਾਹੀਂ ਬਿਨਾਂ ਸ਼ਰਤ 15ਵੀਂ ਲੇਬਰ ਕਾਨਫਰੰਸ ਮੁਤਾਬਿਕ ਪ੍ਰਵਾਨ ਕਰਕੇ ਸੋਧੇ ਜਾਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਸੇਵਾਮੁਕਤ ਮੁਲਾਜ਼ਮਾਂ ਨੂੰ ਬਿਜਲੀ ਯੂਨਿਟ ਵਿਚ ਛੋਟ ਦਿੱਤੀ ਜਾਵੇ, ਪਾਵਰਕੌਮ ਤੇ ਟਰਾਂਸਕੋ ਅੰਦਰ ਪੱਕੀ ਭਰਤੀ ਸ਼ੁਰੂ ਕੀਤੀ ਜਾਵੇ, ਠੇਕੇ ਤੇ ਕੰਮ ਕਰਦੇ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਆਦਿ। ਬਲਾਰਿਆਂ ਨੇ ਕਿਹਾ ਕਿ ਜੇ ਮੈਨੇਜਮੈਂਟ ਤੇ ਸਰਕਾਰ ਨੇ ਮੰਗਾਂ ਜਲਦ ਪ੍ਰਵਾਨ ਨਾ ਕੀਤੀਆਂ ਤਾ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਮੰਗਾਂ ਨਾ ਮੰਨਣ ਖ਼ਿਲਾਫ਼ ਸਮੂਹਕ ਛੁੱਟੀ ਲੈ ਕੇ ਪਾਵਰਕੌਮ ਅਤੇ ਟਰਾਂਸਕੋ ਦੇ ਸੰਘਰਸ਼ ਕਰ ਰਹੇ ਕਾਮਿਆਂ ਨਾਲ ਇੱਕਮੁੱਠਤਾ ਪ੍ਰਗਟ ਕਰਨ ਲਈ ਸਬ-ਅਰਬਨ ਸਰਕਲ ਦੇ ਟੈਕਨੀਕਲ ਸਰਵਿਸਿਜ਼ ਯੂਨੀਅਨ ਅਤੇ ਐਂਪਲਾਈਜ਼ ਫੈਡਰੇਸ਼ਨ (ਏਟਕ) ਦੇ ਸਮਰਥਕ ਮੁਲਾਜ਼ਮਾਂ ਨੇ ਵੀ ਸਮੂਹਿਕ ਛੁੱਟੀ ਵਿਚ ਸ਼ਮੂਲੀਅਤ ਕੀਤੀ। ਇਸ ਕਾਰਨ ਸਬ-ਅਰਬਨ ਸਰਕਲ ਵਿੱਚ ਕੰਮ-ਕਾਰ ਠੱਪ ਹੋ ਕੇ ਰਹਿ ਗਿਆ। ਮੁਲਾਜ਼ਮ ਆਗੂ ਜ਼ਮੀਰ ਹੁਸੈਨ ਅਨੁਸਾਰ ਸਰਕਲ ਅਧੀਨ ਵੱਖ ਦਫ਼ਤਰਾਂ ਵਿੱਚ ਬਿਜਲੀ ਕਾਮਿਆਂ ਨੇ ਦਫ਼ਤਰਾਂ ਸਾਹਮਣੇ ਰੋਸ ਰੈਲੀਆਂ ਕਰ ਕੇ ਮੰਗਾਂ ਮੰਨਣ ਦੀ ਅਪੀਲ ਕੀਤੀ ਗਈ।