ਸਤਵਿੰਦਰ ਬਸਰਾ
ਲੁਧਿਆਣਾ, 15 ਮਾਰਚ
ਪੀਏਯੂ ਮੁਲਾਜ਼ਮਾਂ ਦੀ ਅਗਵਾਈ ਕਰਦੀ ਪੀਏਯੂ ਐਂਪਲਾਈਜ਼ ਯੂਨੀਅਨ ਦੀਆਂ 16 ਮਾਰਚ ਨੂੰ ਹੋਣ ਵਾਲੀਆਂ ਚੋਣਾਂ ਲਈ ਪ੍ਰਚਾਰ ਦੇ ਅੱਜ ਆਖ਼ਰੀ ਦਿਨ ਚੋਣਾਂ ਲੜ ਰਹੇ ‘ਅੰਬ’ ਅਤੇ ‘ਸਾਈਕਲ’ ਗਰੁੱਪ ਦੇ ਨੁਮਾਇੰਦਿਆਂ ਵੱਲੋਂ ਕੈਂਪਸ ਵਿੱਚ ਚੋਣ ਭਰਵੀਆਂ ਚੋਣ ਰੈਲੀਆਂ ਕੀਤੀਆਂ ਗਈਆਂ।
ਅੰਬ ਚੋਣ ਨਿਸ਼ਾਨ ਵਾਲੇ ਪੀਏਯੂ ਐਂਪਲਾਈਜ਼ ਫੋਰਮ ਵੱਲੋਂ ਇੰਜਨੀਅਰਿੰਗ ਕਾਲਜ ਵਿਚ ਚੋਣ ਰੈਲੀ ਕੀਤੀ ਗਈ। ਇਸ ਰੈਲੀ ਨੂੰ ਫੋਰਮ ਵੱਲੋਂ ਪ੍ਰਧਾਨਗੀ ਦੇ ਅਹੁਦੇ ਲਈ ਉਮੀਦਵਾਰ ਬਲਦੇਵ ਸਿੰਘ ਵਾਲੀਆ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੈਬ ਸਟਾਫ, ਫੀਲਡ ਸਟਾਫ, ਕਾਰ/ਜੀਪ ਡਰਾਈਵਰਾਂ ਵੱਲੋਂ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਦੀ ਅੰਬ ਗਰੁੱਪ ਨੇ ਯੂਨੀਅਨ ਦੀ ਵਾਂਗਡੋਰ ਸੰਭਾਲੀ ਹੈ, ਇਤਿਹਾਸਕ ਪ੍ਰਾਪਤੀਆਂ ਹੋਈਆਂ ਹਨ। ਪਿਛਲੇ ਛੇ ਸਾਲਾਂ ਦੌਰਾਨ ਮੁਲਾਜ਼ਮਾਂ ਦੀਆਂ 20-22 ਸਾਲ ਪੁਰਾਣੀਆਂ ਮੰਗਾਂ ਦਾ ਹੱਲ ਕਰਵਾਇਆ ਹੈ।
ਇਸੇ ਤਰ੍ਹਾਂ ਸਾਈਕਲ ਗਰੁੱਪ ਵੱਲੋਂ ਵੀ ਥਾਪਰ ਹਾਲ ਦੇ ਬਾਹਰ ਚੋਣ ਰੈਲੀ ਕੀਤੀ ਗਈ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨਗੀ ਦੇ ਅਹੁਦੇ ਲਈ ਚੋਣ ਲੜ ਰਹੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਕਈ ਮੰਗਾਂ ਲੰਬੇ ਸਮੇਂ ਤੋਂ ਠੰਢੇ ਬਸਤੇ ਵਿੱਚ ਪਈਆਂ ਹਨ। ਭਾਵੇਂ ਦੂਜੇ ਗਰੁੱਪ ਵੱਲੋਂ ਮੁਲਾਜ਼ਮਾਂ ਦੀਆਂ ਕਈ ਮੰਗਾਂ ਪੂਰੀਆਂ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪਰ ਅਸਲੀਅਤ ਇਸ ਤੋਂ ਵੱਖਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇ ਉਨ੍ਹਾਂ ਦਾ ਗਰੁੱਪ ਜਿੱਤਿਆ ਤਾਂ ਮੁਲਾਜ਼ਮਾਂ ਮੰਗਾਂ ਨੂੰ ਹੱਲ ਕਰਵਾਇਆ ਜਾਵੇਗਾ।