ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 10 ਦਸੰਬਰ
ਸੰਸਾਰ ਭਰ ’ਚ ਮਨਾਏ ਜਾਂਦੇ ਮਨੁੱਖੀ ਅਧਿਕਾਰ ਦਿਵਸ ਮੌਕੇ ਅੱਜ ਇਥੇ ਰੇਲਵੇ ਪਾਰਕ ’ਚ ਕਿਸਾਨ ਧਰਨੇ ਦੇ 437ਵੇਂ ਦਿਨ ਧਰਨਾਕਾਰੀਆਂ ਨੇ ਦੇਸ਼ ਭਰ ’ਚ ਮਨੁੱਖੀ ਅਧਿਕਾਰਾਂ ਦੇ ਘਾਣ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਅੱਜ ਵੀ ਹਜ਼ਾਰਾਂ ਬੇਗੁਨਾਹ ਜੇਲ੍ਹਾਂ ’ਚ ਝੂਠੇ ਪੁਲੀਸ ਕੇਸਾਂ ’ਚ ਬੰਦ ਕੀਤੇ ਹੋਏ ਹਨ। ਅੰਗਰੇਜ਼ਾਂ ਜਿਹੇ ਕਾਲੇ ਕਾਨੂੰਨ ਅਫ਼ਸਪਾ, ਨਾਸਾ, ਐਸਮਾ ਤਹਿਤ ਹਰ ਵਿਰੋਧੀ ਆਵਾਜ਼ ਨੂੰ ਬੰਦ ਕਰਨ ਦੇ ਰਾਹ ਤੁਰੇ ਭਾਰਤੀ ਹਾਕਮ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਪੈਰਾਂ ’ਚ ਰੋਲ ਰਹੇ ਹਨ। ਦੇਸ਼ ਭਰ ਦੀਆਂ ਜੇਲ੍ਹਾਂ ’ਚ ਭੀਮਾ ਕੋਰੇਗਾਓਂ ਕੇਸ ਅਤੇ ਸੀਏਏ ਖ਼ਿਲਾਫ਼ ਅੰਦੋਲਨ ’ਚ ਜੇਲਾਂ ’ਚ ਬੰਦ ਕੀਤੇ ਬੁੱਧੀਜੀਵੀਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਦਾ ਫਾਸ਼ੀ ਰਾਜ ਦੇਸ਼ ਦੇ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਕਰਨ ਦੀ ਥਾਂ ਲਾਠੀਚਾਰਜ, ਬਰੂਦ, ਜੇਲ੍ਹਾਂ ਰਾਹੀਂ ਦਬਾਉਣ ਦਾ ਕੰਮ ਕਰ ਰਿਹਾ ਹੈ। ਸਾਹਿਤਕਾਰ ਹਰਬੰਸ ਸਿੰਘ ਅਖਾੜਾ ਨੇ ਕਿਹਾ ਕਿ ਦਿੱਲੀ ਬਾਰਡਰਾਂ ’ਤੇ ਕਿਸਾਨ ਅੰਦੋਲਨ ’ਚ ਸ਼ਹੀਦ ਹੋਏ ਸੱਤ ਸੋ ਤੋਂ ਉਪਰ ਕਿਸਾਨਾਂ ਦੀਆਂ ਸ਼ਹੀਦੀਆਂ, ਨਾਗਾਲੈਂਡ ’ਚ ਤੇਰਾਂ ਨਿਰਦੋਸ਼ ਨਾਗਰਿਕਾਂ ਦੇ ਫ਼ੌਜ ਵੱਲੋਂ ਕਤਲ ਜਮਹੂਰੀਅਤ ਦੇ ਨਾਂ ਤੇ ਕਾਲਾ ਧੱਬਾ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਹੁਣ ਸੰਯੁਕਤ ਕਿਸਾਨ ਮੋਰਚੇ ਦੀ ਹਦਾਇਤ ਮੁਤਾਬਿਕ 15 ਦਸੰਬਰ ਨੂੰ ਰੇਲਵੇ ਪਾਰਕ ਵਿਖੇ ਕਿਸਾਨ ਅੰਦੋਲਨ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਵਿਸ਼ਾਲ ਇਕੱਤਰਤਾ ਕੀਤੀ ਜਾ ਰਹੀ ਹੈ।
ਜੇਲ੍ਹਾਂ ਵਿਚ ਡੱਕੇ ਬੁੱਧੀਜੀਵੀਆਂ ਦੀ ਰਿਹਾਈ ਮੰਗੀ
ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਲਹਿਰਾ ਟੌਲ ਪਲਾਜ਼ਾ ਉੱਪਰ ਮੋਦੀ ਸਰਕਾਰ ਵੱਲੋਂ ਜੇਲ੍ਹਾਂ ਵਿੱਚ ਡੱਕੇ ਬੁੱਧੀਜੀਵੀਆਂ ਨੂੰ ਰਿਹਾਅ ਕਰਾਉਣ ਲਈ ਆਵਾਜ਼ ਬੁਲੰਦ ਕੀਤੀ। ਅੰਦੋਲਨਕਾਰੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਬੁੱਧੀਜੀਵੀ, ਲੇਖਕ, ਕਲਾਕਾਰ, ਪੱਤਰਕਾਰ, ਰੰਗਕਰਮੀ ਜੋ ਸਾਨੂੰ ਹਾਲਤਾਂ ਦਾ ਵਿਸ਼ਲੇਸ਼ਣ ਕਰ ਕੇ ਜਰਵਾਣਿਆਂ ਅਤੇ ਕਿਰਤੀ ਲੋਕਾਂ ਦੀ ਲੁੱਟ ਦੇ ਵਿੱਚ ਫ਼ਰਕ ਸਮਝਾਉਂਦੇ ਹਨ ਨੂੰ ਝੂਠੇ ਅਤੇ ਗ਼ਲਤ ਦੋਸ਼ ਮੜ੍ਹ ਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਮੀਡੀਆ ਦਾ ਇਕ ਹਿੱਸਾ ਵੀ ਜਾਣ ਬੁੱਝ ਕੇ ਗ਼ਲਤ ਪ੍ਰਚਾਰ ਕਰ ਕੇ ਜਾਤਾਂ, ਧਰਮਾਂ ਅਤੇ ਫ਼ਿਰਕਿਆਂ ਵਿੱਚ ਵੰਡੀਆਂ ਪਾ ਕੇ ਕਿਸਾਨਾਂ ਦੀਆਂ ਲਹਿਰਾਂ ਨੂੰ ਕਮਜ਼ੋਰ ਕਰਦਾ ਹੈ। ਸੰਘਰਸ਼ ਵਿਚ ਯੋਗਦਾਨ ਪਾ ਰਹੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਦਾ ਟੌਲ ਪਲਾਜ਼ਾ ਮੋਰਚੇ ਉੱਪਰ ਸਨਮਾਨ ਕੀਤਾ ਗਿਆ।